‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦਾ ਅਸਟ੍ਰੇਲੀਆ ਵਿੱਚ ਪ੍ਰਵੇਸ਼ ਕਰਨ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਸਰਬੀਆ ਦੇ ਖਿਡਾਰੀ ਨੋਵਾਕ ਜੋਕੋਵਿਚ ਨੂੰ ਕਈ ਘੰਟਿਆਂ ਤੱਕ ਮੈਲਬੋਰਨ ਹਵਾਈ ਅੱਡੇ ‘ਤੇ ਰੋਕਿਆ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਉਹ ਅਸਟ੍ਰੇਲੀਆ ਵਿੱਚ ਪ੍ਰਵੇਸ਼ ਕਰਨ ਦੇ ਨਿਯਮਾਂ ਨੂੰ ਪੂਰਾ ਨਹੀਂ ਕਰ ਪਾ ਰਹੇ ਹਨ। ਨੋਵਾਕ ਜੋਕੋਵਿਚ ਦੇ ਮੈਲਬੌਰਨ ਪਹੁੰਚਣ ‘ਤੇ ਅਧਿਕਾਰੀਆਂ ਨੇ ਪਾਇਆ ਕਿ ਉਸਦੀ ਟੀਮ ਨੇ ਟੀਕਾਕਰਨ ਨਾ ਕੀਤੇ ਜਾਣ ਲਈ ਡਾਕਟਰੀ ਤੌਰ ‘ਤੇ ਛੋਟ ਵਾਲੇ ਵੀਜ਼ੇ ਦੀ ਬੇਨਤੀ ਨਹੀਂ ਕੀਤੀ ਸੀ। ਆਸਟ੍ਰੇਲੀਅਨ ਬਾਰਡਰ ਫੋਰਸ ਨੇ ਕਿਹਾ ਕਿ ਜੋਕੋਵਿਚ ਆਸਟ੍ਰੇਲੀਆ ਵਿੱਚ ਦਾਖਲੇ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਲੋੜੀਂਦੇ ਸਬੂਤ ਨਹੀਂ ਦੇ ਸਕਿਆ ਅਤੇ ਬਾਅਦ ਵਿੱਚ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ।
ਨੋਵਾਕ ਜੋਕੋਵਿਚ ਅਸਟ੍ਰੇਲੀਅਨ ਓਪਨ ਵਿੱਚ ਹਿੱਸਾ ਲੈਣ ਦੇ ਲਈ ਅਸਟ੍ਰੇਲੀਆ ਪਹੁੰਚੇ ਸੀ। ਦਰਅਸਲ, ਉਨ੍ਹਾਂ ਨੇ ਅਸਟ੍ਰੇਲੀਅਨ ਓਪਨ ਵਿੱਚ ਖੇਡਣ ਦੇ ਲਈ ਵੈਕਸੀਨ ਤੋਂ ਛੋਟ ਦਿੱਤੀ ਗਈ ਸੀ ਜਿਸਦਾ ਪਹਿਲਾਂ ਹੀ ਅਸਟ੍ਰੇਲੀਆ ਵਿੱਚ ਕਾਫੀ ਵਿਰੋਧ ਹੋਇਆ ਸੀ। ਅਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾੱਟ ਮੌਰੀਸਨ ਨੇ ਕਿਹਾ ਸੀ ਕਿ ਜੇਕਰ ਖਿਡਾਰੀ ਦੇ ਕੋਲ ਪੁਖਤਾ ਸਬੂਤ ਨਾ ਹੋਏ ਤਾਂ ਉਸਨੂੰ ਅਗਲੀ ਫਲਾਈਟ ‘ਤੇ ਵਾਪਸ ਭੇਜ ਦਿੱਤਾ ਜਾਵੇਗਾ। ਸਥਾਨਕ ਰਿਪੋਰਟਾਂ ਅਨੁਸਾਰ ਹੁਣ ਜੋਕੋਵਿਚ ਕਾਨੂੰਨੀ ਅਪੀਲ ਕਰ ਸਕਦੇ ਹਨ ਜਾਂ ਨਵੇਂ ਵੀਜ਼ਾ ਦੇ ਲਈ ਅਪਲਾਈ ਕਰ ਸਕਦੇ ਹਨ ਤਾਂ ਜੋ ਉਹ ਦੇਸ਼ ਵਿੱਚ ਪ੍ਰਵੇਸ਼ ਕਰ ਸਕਣ।