ਮੁਰਸ਼ਿਦਾਬਾਦ : ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਮੈਡੀਕਲ ਕਾਲਜ ਦੇ ਹਸਪਤਾਲ ਵਿੱਚ 24 ਘੰਟਿਆਂ ਦੇ ਅੰਦਰ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਹੈ। ਏਐਨਆਈ ਦੀ ਖਬਰ ਮੁਤਾਬਕ ਅਧਿਕਾਰੀਆਂ ਨੇ ਵੀਰਵਾਰ ਨੂੰ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਮੁਤਾਬਕ ਇਸ ਮੰਦਭਾਗੀ ਘਟਨਾ ਪਿੱਛੇ ਅਧਿਕਾਰੀਆਂ ਨੇ ਅਚਾਨਕ ਮਰੀਜ਼ਾਂ ਦੀ ਆਮਦ ਕਾਰਨ ਪਹਿਲਾਂ ਹੀ ਓਵਰਲੋਡ ਮੈਡੀਕਲ ਕਾਲਜ ‘ਤੇ ਭਾਰੀ ਦਬਾਅ ਪੈਣਾ ਦੱਸੀ ਜਾ ਰਹੀ ਹੈ। ਦਰਦਨਾਕ ਘਟਨਾ ਕਾਰਨ ਲੋਕਾਂ ਵਿੱਚ ਰੋਸ ਹੈ।
ਮੁਰਸ਼ਿਦਾਬਾਦ ਮੈਡੀਕਲ ਕਾਲਜ ਹਸਪਤਾਲ ਦੇ ਪਿੰਸ਼ੀਪਲ ਪ੍ਰੋਫੈਸਰ ਅਮਿਤ ਦਾਨ ਨੇ ਏਐਨਆਈ ਨੂੰ ਦੱਸਿਆ ਕਿ “ਜੰਗੀਪੁਰ ਸਬ-ਡਿਵੀਜ਼ਨ ਹਸਪਤਾਲ ਵਿੱਚ ਪੀਡਬਲਯੂਡੀ ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ ਇੱਥੋਂ ਦੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਸ਼ਿਫਟ ਕਾਰਨ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ। ਇੱਥੇ ਲਿਆਂਦੇ ਗਏ ਸਾਰੇ ਬੱਚੇ ਪਹਿਲਾਂ ਹੀ ਘੱਟ ਵਜ਼ਨ ਵਾਲੇ ਸਨ। ਉਨ੍ਹਾਂ ਦੀ ਮੌਤ ਹੋ ਗਈ। ”
ਉਨ੍ਹਾਂ ਕਿਹਾ, “ਉਨ੍ਹਾਂ ਨੂੰ ਬਚਾਉਣਾ ਮੁਸ਼ਕਲ ਸੀ ਕਿਉਂਕਿ ਉਨ੍ਹਾਂ ਨੂੰ ਇਸ ਹਸਪਤਾਲ ਵਿੱਚ ਲਿਆਉਣ ਵਿੱਚ ਪਹਿਲਾਂ ਹੀ 5-6 ਘੰਟੇ ਲੱਗ ਗਏ ਸਨ। ਅਸੀਂ ਇਸਦੀ ਜਾਂਚ ਲਈ ਇੱਕ ਟੀਮ ਦਾ ਗਠਨ ਕਰ ਰਹੇ ਹਾਂ।”
ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਵੀ ਦੁਖੀ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਪੂਰੀ ਜਾਂਚ ਦੀ ਲੋੜ ਨੂੰ ਸਵੀਕਾਰ ਕੀਤਾ। ਰਾਜ ਦੇ ਸਿਹਤ ਵਿਭਾਗ ਨੇ ਵੀ ਇੱਕ ਬਿਆਨ ਜਾਰੀ ਕਰਕੇ ਭਰੋਸਾ ਦਿੱਤਾ ਹੈ ਕਿ ਅਜਿਹੇ ਦੁਖਾਂਤ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਲੋੜੀਂਦੇ ਉਪਾਅ ਕੀਤੇ ਜਾਣਗੇ।