ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਮੌਸਮ ਵਿਭਾਗ, ਚੰਡੀਗੜ੍ਹ ਅਨੁਸਾਰ, ਅੱਜ ਸੂਬੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਪਰ ਇਹ ਤਾਪਮਾਨ ਆਮ ਨਾਲੋਂ 3.4 ਡਿਗਰੀ ਸੈਲਸੀਅਸ ਵੱਧ ਹੈ। ਪੰਜਾਬ ਦੇ 6 ਜ਼ਿਲ੍ਹੇ ਅਜਿਹੇ ਹਨ ਜਿੱਥੇ ਤਾਪਮਾਨ 40 ਤੋਂ ਪਾਰ ਹੋ ਗਿਆ ਹੈ।
ਸਭ ਤੋਂ ਵੱਧ ਤਾਪਮਾਨ ਬਠਿੰਡਾ (ਹਵਾਈ ਅੱਡੇ) ਵਿਖੇ ਦਰਜ ਕੀਤਾ ਗਿਆ, ਜਿੱਥੇ ਪਾਰਾ 43.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਹੋਰ ਵੱਡੇ ਸ਼ਹਿਰਾਂ ਵਿੱਚ ਵੀ ਤਾਪਮਾਨ ਬਹੁਤ ਜ਼ਿਆਦਾ ਸੀ:
- ਪਟਿਆਲਾ ਵਿੱਚ 42.8°C
- ਲੁਧਿਆਣਾ ਵਿੱਚ 41.3°C
- ਪਠਾਨਕੋਟ ਵਿੱਚ 40.5°C
- ਅੰਮ੍ਰਿਤਸਰ ਵਿੱਚ 40.2°C
- ਫਰੀਦਕੋਟ ਵਿੱਚ 41.2°C
ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਦੇ ਅਨੁਸਾਰ, ਅਗਲੇ ਕੁਝ ਦਿਨਾਂ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗਰਮੀ ਦੀ ਲਹਿਰ (ਹੀਟ ਵੇਵ) ਬਣੀ ਰਹੇਗੀ। ਫਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ, ਮੁਕਤਸਰ ਅਤੇ ਮਾਨਸਾ ਸਮੇਤ ਕਈ ਜ਼ਿਲ੍ਹਿਆਂ ਲਈ 27 ਅਤੇ 28 ਅਪ੍ਰੈਲ ਨੂੰ ‘ਅਲਰਟ ਰਹਿਣ’ ਲਈ ਚਿਤਾਵਨੀ ਜਾਰੀ ਕੀਤਾ ਗਿਆ ਹੈ। ਇਹਨਾਂ ਜ਼ਿਲ੍ਹਿਆਂ ਵਿੱਚ ਗਰਮੀ ਦਾ ਪ੍ਰਭਾਵ ਦਿਖਾਈ ਦੇਵੇਗਾ। ਇਸ ਦੇ ਨਾਲ ਹੀ, 29 ਅਪ੍ਰੈਲ ਨੂੰ ਸਥਿਤੀ ਕੁਝ ਹੱਦ ਤੱਕ ਆਮ ਹੋ ਸਕਦੀ ਹੈ, ਪਰ ਦੱਖਣੀ ਜ਼ਿਲ੍ਹਿਆਂ ਵਿੱਚ ਗਰਮੀ ਦਾ ਪ੍ਰਭਾਵ ਅਜੇ ਵੀ ਬਣਿਆ ਰਹੇਗਾ।
ਇਸ ਤੋਂ ਇਲਾਵਾ, ਕੁਝ ਉੱਤਰੀ ਜ਼ਿਲ੍ਹਿਆਂ ਵਿੱਚ ਗਰਜ ਅਤੇ ਤੇਜ਼ ਹਵਾਵਾਂ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ, ਫਿਲਹਾਲ ਇਸ ਦੇ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ।
30 ਤੋਂ ਮੌਸਮ ਵਿੱਚ ਤਬਦੀਲੀ ਆਉਣ ਦੀ ਸੰਭਾਵਨਾ
30 ਅਪ੍ਰੈਲ ਤੋਂ ਪੰਜਾਬ ਦੇ ਕੁਝ ਜ਼ਿਲ੍ਹਿਆਂ, ਖਾਸ ਕਰਕੇ ਹਿਮਾਚਲ ਪ੍ਰਦੇਸ਼ ਦੇ ਗੁਆਂਢੀ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਵਧਦੀ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਇਨ੍ਹਾਂ ਕੁਝ ਦਿਨਾਂ ਦੌਰਾਨ ਸੂਬੇ ਵਿੱਚ ਤੇਜ਼ ਹਵਾਵਾਂ ਚੱਲਣਗੀਆਂ ਅਤੇ ਗਰਜ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ।
Observed #Minimum #Temperature over #Punjab, #Haryana & #Chandigarh date 26-04-2025 pic.twitter.com/ZMpsIufAp3
— IMD Chandigarh (@IMD_Chandigarh) April 26, 2025