ਬਿਉਰੋ ਰਿਪੋਰਟ: ਤੇਲੰਗਾਨਾ ਸਰਕਾਰ ਨੇ ਅਡਾਨੀ ਸਮੂਹ ਦੇ 100 ਕਰੋੜ ਰੁਪਏ ਦੇ ਦਾਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਇਹ ਦਾਨ ਯੰਗ ਇੰਡੀਆ ਸਕਿੱਲ ਯੂਨੀਵਰਸਿਟੀ ਲਈ ਦਿੱਤਾ ਜਾ ਰਿਹਾ ਸੀ। ਮੁੱਖ ਮੰਤਰੀ ਰੇਵੰਤ ਰੈਡੀ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਇਹ ਜਾਣਕਾਰੀ ਦਿੱਤੀ। ਰੈੱਡੀ ਨੇ ਕਿਹਾ ਕਿ ਅਡਾਨੀ ਗਰੁੱਪ ਦੇ ਮੌਜੂਦਾ ਵਿਵਾਦ ਕਾਰਨ ਇਹ ਫੈਸਲਾ ਲਿਆ ਗਿਆ ਹੈ। ਚੰਦਾ ਲੈਣ ਨਾਲ ਸੂਬਾ ਸਰਕਾਰ ਅਤੇ ਮੇਰੇ ਆਪਣੇ ਅਕਸ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਸਰਕਾਰ ਵੱਲੋਂ ਐਤਵਾਰ ਨੂੰ ਹੀ ਅਡਾਨੀ ਸਮੂਹ ਨੂੰ ਪੱਤਰ ਭੇਜਿਆ ਗਿਆ ਹੈ। ਇਸ ਵਿੱਚ ਅਡਾਨੀ ਸਮੂਹ ਨੂੰ ਯੂਨੀਵਰਸਿਟੀ ਨੂੰ 100 ਕਰੋੜ ਰੁਪਏ ਟਰਾਂਸਫਰ ਨਾ ਕਰਨ ਦੀ ਬੇਨਤੀ ਕੀਤੀ ਗਈ ਹੈ। ਯੂਨੀਵਰਸਿਟੀ ਨੂੰ ਕਈ ਕੰਪਨੀਆਂ ਨੇ ਫੰਡ ਦਿੱਤੇ ਹਨ ਪਰ ਤੇਲੰਗਾਨਾ ਸਰਕਾਰ ਨੇ ਅਜੇ ਤੱਕ ਕਿਸੇ ਵੀ ਗਰੁੱਪ ਤੋਂ ਆਪਣੇ ਖਾਤੇ ਵਿੱਚ ਇੱਕ ਰੁਪਿਆ ਨਹੀਂ ਲਿਆ ਹੈ।
ਅਡਾਨੀ ’ਤੇ ਕਾਨਟ੍ਰੈਰਕਟ ਲਈ 2200 ਕਰੋੜ ਰੁਪਏ ਦੀ ਰਿਸ਼ਵਤ ਦੇਣ ਦਾ ਇਲਜ਼ਾਮ
ਅਮਰੀਕਾ ਦੇ ਨਿਊਯਾਰਕ ’ਚ ਉਦਯੋਗਪਤੀ ਗੌਤਮ ਅਡਾਨੀ ਸਮੇਤ ਅੱਠ ਲੋਕਾਂ ’ਤੇ ਅਰਬਾਂ ਰੁਪਏ ਦੀ ਧੋਖਾਧੜੀ ਦੇ ਇਲਜ਼ਾਮ ਲੱਗੇ ਹਨ। ਨਿਊਯਾਰਕ ਦੀ ਸੰਘੀ ਅਦਾਲਤ ਵਿੱਚ 20 ਨਵੰਬਰ ਨੂੰ ਹੋਈ ਸੁਣਵਾਈ ਵਿੱਚ ਗੌਤਮ ਅਡਾਨੀ, ਉਸ ਦੇ ਭਤੀਜੇ ਸਾਗਰ ਅਡਾਨੀ, ਵਿਨੀਤ ਜੈਨ, ਰਣਜੀਤ ਗੁਪਤਾ, ਸਿਰਿਲ ਕੈਬਨਿਸ, ਸੌਰਭ ਅਗਰਵਾਲ, ਦੀਪਕ ਮਲਹੋਤਰਾ ਅਤੇ ਰੂਪੇਸ਼ ਅਗਰਵਾਲ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ।