The Khalas Tv Blog Punjab ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਤੇ ਚੰਡੀਗੜ੍ਹ ਵਿੱਚ ਮੋਦੀ ਸਰਕਾਰ ਨੇ ਭੇਜੀਆਂ ਟੀਮਾਂ
Punjab

ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਤੇ ਚੰਡੀਗੜ੍ਹ ਵਿੱਚ ਮੋਦੀ ਸਰਕਾਰ ਨੇ ਭੇਜੀਆਂ ਟੀਮਾਂ

Covid test of a person being done in Ludhiana. Pic by: Inderjeet Verma

‘ਦ ਖ਼ਾਲਸ ਬਿਊਰੋ:- ਕੋਰੋਨਾ ਕੇਸਾਂ ਦਾ ਅੰਕੜਾ ਅਤੇ ਮੌਤ ਦਰ ਦੇ ਵਾਧੇ ਨੂੰ ਦੇਖਦਿਆਂ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ’ਚ ਕੇਂਦਰੀ ਟੀਮਾਂ ਭੇਜਣ ਦਾ ਫੈਸਲਾ ਕੀਤਾ ਹੈ। ਕੇਂਦਰੀ ਟੀਮਾਂ ਅਗਲੇ ਦਸ ਦਿਨਾਂ ਤੱਕ ਕੋਵਿਡ ਦੀ ਚੁਣੌਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਮਾਰਗ ਦਰਸ਼ਨ ਕਰਨਗੀਆਂ।

ਕੇਂਦਰ ਸਰਕਾਰ ਨੂੰ ਖ਼ਦਸ਼ਾ ਹੈ ਕਿ ਪੰਜਾਬ ਤੇ ਚੰਡੀਗੜ੍ਹ ਵਿੱਚ ਕੋਵਿਡ ਕੇਸਾਂ ਦੀ ਮੌਜੂਦਾ ਰਫ਼ਤਾਰ ਤੇ ਮੌਤਾਂ ਦੀ ਗਿਣਤੀ ਨੂੰ ਦੇਖਦੇ ਹੋਏ ਸਥਿਤੀ ਵਿਗੜ ਸਕਦੀ ਹੈ ਜਿਸ ਦੇ ਮੱਦੇਨਜ਼ਰ ਕੇਂਦਰੀ ਟੀਮਾਂ ਦੀ ਤਾਇਨਾਤੀ ਦਾ ਫ਼ੈਸਲਾ ਕੀਤਾ ਗਿਆ ਹੈ। ਕੇਂਦਰੀ ਟੀਮਾਂ ਕੋਵਿਡ-19 ਕਾਰਨ ਮੌਤ ਦਰ ਘਟਾਉਣ ਅਤੇ ਜਾਨਾਂ ਬਚਾਉਣ ਲਈ ਕੁਸ਼ਲ ਪ੍ਰਬੰਧ, ਕੰਟੇਨਮੈਂਟ ਅਤੇ ਨਿਗਰਾਨੀ ਲਈ ਚੁੱਕੇ ਜਾ ਰਹੇ ਕਦਮਾਂ ਦੀ ਸਮੀਖਿਆ ਵਿੱਚ ਰਾਜ ਸਰਕਾਰ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਦੀ ਮਦਦ ਕਰਨਗੀਆਂ। ਕੇਂਦਰੀ ਟੀਮ ਵਿੱਚ ਪੀ.ਜੀ.ਆਈ ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਮਾਹਿਰ ਅਤੇ ਐੱਨਸੀਡੀਸੀ ਦਾ ਇੱਕ ਮਹਾਂਮਾਰੀ ਰੋਗ ਮਾਹਿਰ ਸ਼ਾਮਿਲ ਕੀਤੇ ਗਏ ਹਨ।

ਕੇਂਦਰ ਸਰਕਾਰ ਕੋਵਿਡ ਮਹਾਂਮਾਰੀ ਦੌਰਾਨ ਬਹੁ-ਖੇਤਰੀ ਟੀਮਾਂ ਭੇਜ ਕੇ ਉਨ੍ਹਾਂ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੀ ਮਦਦ ਕਰ ਰਿਹਾ ਹੈ ਜਿੱਥੇ ਕੋਵਿਡ ਕੇਸਾਂ ਦੀ ਗਿਣਤੀ ਵਿੱਚ ਇਕਦਮ ਵਾਧਾ ਹੋਇਆ ਹੈ ਅਤੇ ਮੌਤ ਦਰ ਉੱਚੀ ਹੈ। ਦੂਸਰੇ ਸੂਬਿਆਂ ਵਿੱਚ ਵੀ ਕੇਂਦਰੀ ਟੀਮਾਂ ਵੱਲੋਂ ਦੌਰੇ ਕੀਤੇ ਗਏ ਹਨ। ਕੇਂਦਰੀ ਟੀਮ ਵੱਲੋਂ ਪੰਜਾਬ ਤੇ ਚੰਡੀਗੜ੍ਹ ਵਿੱਚ ਬਿਮਾਰੀ ਦਾ ਸਮੇਂ ਸਿਰ ਪਤਾ ਲਗਾਉਣ ਲਈ ਮਾਹਿਰਾਂ ਦੀ ਰਾਇ ਦਿੱਤੀ ਜਾਵੇਗੀ।

ਕੇਂਦਰੀ ਟੀਮਾਂ ਵੱਲੋਂ ਵੱਧ ਮੌਤਾਂ ਵਾਲੇ ਜ਼ਿਲ੍ਹਿਆਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ। ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਕੋਵਿਡ ਬਿਮਾਰੀ ਦੀ ਸੰਚਾਰ ਲੜੀ ਨੂੰ ਤੋੜਨ ਅਤੇ ਮੌਤ ਦਰ ਨੂੰ ਘਟਾਉਣ ਲਈ ਵਿਆਪਕ ਤੌਰ ‘ਤੇ ਵਧੇਰੇ ਸਰਗਰਮ ਹੋਣ ਤੇ ਅਜਿਹੇ ਉਪਰਾਲੇ ਕਰਨ ਜਿਨ੍ਹਾਂ ਨਾਲ ਮੌਤ ਦਰ ਇੱਕ ਫੀਸਦੀ ਤੋਂ ਥੱਲੇ ਲਿਆਂਦੀ ਜਾ ਸਕੇ।

Exit mobile version