‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁਹਾਲੀ ਵਿੱਚ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਬਾਹਰ ਅੱਜ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਹੈ। ਅਧਿਆਪਕਾਂ ਨੇ ਕੈਪਟਨ ਸਰਕਾਰ ਦੀ ਅਰਥੀ ਬਣਾ ਕੇ ਉਸਦੇ ਕੋਲ ਮਿੱਟੀ ਦੇ ਘੜੇ ਨੂੰ ਤੋੜ ਕੇ ਪਿੱਟ-ਸਿਆਪਾ ਕੀਤਾ। ਇਹ ਪ੍ਰਦਰਸ਼ 3442 ਅਤੇ 5178 ਯੂਨੀਅਨ ਦੀ ਅਗਵਾਈ ਹੇਠ ਕੀਤਾ ਗਿਆ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਕਿਹਾ ਕਿ ਸਾਨੂੰ 10 ਸਾਲ ਹੋ ਗਏ ਅਤੇ ਅਸੀਂ ਸਰਕਾਰ ਦੇ ਗਲਤ ਪੇਪਰ ਦੇ ਗਲਤ ਨਤੀਜੇ ਭੁਗਤ ਰਹੇ ਹਾਂ। ਅਧਿਆਪਕਾਂ ਨੇ ਕਿਹਾ ਕਿ ਸਾਡੀ ਅਗਲੀ ਰਣਨੀਤੀ ਗੁਪਤ ਹੈ ਕਿਉਂਕਿ ਜੇ ਅਸੀਂ ਪਹਿਲਾਂ ਹੀ ਆਪਣੀ ਰਣਨੀਤੀ ਦੱਸ ਦਿੰਦੇ ਹਾਂ ਤਾਂ ਪ੍ਰਸ਼ਾਸਨ ਉਸ ਵਿੱਚ ਅੜਚਣਾਂ ਪਾਉਂਦਾ ਹੈ। ਇਸ ਕਰਕੇ ਅਸੀਂ ਮੌਕੇ ‘ਤੇ ਹੀ ਕੋਈ ਐਕਸ਼ਨ ਲਵਾਂਗੇ। ਅਧਿਆਪਕਾਂ ਨੇ ਦੱਸਿਆ ਕਿ TET 2011 ਵਿੱਚ ਗਲਤ ਪ੍ਰਸ਼ਨ-ਪੱਤਰ ਪਾਇਆ ਗਿਆ ਸੀ, ਜਿਸ ਕਰਕੇ ਉਨ੍ਹਾਂ ਨੂੰ ਗਲਤ ਨਤੀਜੇ ਭੁਗਤਣੇ ਪੈ ਰਹੇ ਹਨ। ਅਧਿਆਪਕਾਂ ਨੇ ਕਿਹਾ ਕਿ ਸਰਕਾਰ ਨੇ ਘੱਟ ਮੈਰਿਟ ਰੱਖਣ ਵਾਲਿਆਂ ਨੂੰ ਨੌਕਰੀ ਦੇ ਦਿੱਤੀ ਹੈ ਅਤੇ ਵੱਧ ਮੈਰਿਟ ਵਾਲੇ ਬੇਰੁਜ਼ਗਾਰ ਤੁਰੇ ਫਿਰ ਰਹੇ ਹਨ।