Punjab

ਸਰਕਾਰ ਛੇਤੀ ਮੰਨ ਲਵੇ ਇਨ੍ਹਾਂ ਦੀਆਂ ਮੰਗਾਂ ਨਹੀਂ ਤਾਂ ਬੰਦ ਹੋਊ ਪੂਰਾ ਪੰਜਾਬ

‘ਦ ਖ਼ਾਲਸ ਬਿਊਰੋ :- ਅੰਮ੍ਰਿਤਸਰ ਵਿੱਚ ਕੰਪਨੀ ਬਾਗ ‘ਚ ਕੱਲ੍ਹ ਪੰਜਾਬ-ਚੰਡੀਗੜ੍ਹ ਕਾਲਜ ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ ਵੱਲੋਂ ਦੋ ਮੁੱਖ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਦੇ 8 ਕਾਲਜਾਂ ਅਤੇ ਯੂਨੀਵਰਸਿਟੀ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੀਤਾ ਗਿਆ। ਇਨ੍ਹਾਂ ਦੋ ਮੁੱਖ ਮੰਗਾਂ ਵਿੱਚ 7ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਅਤੇ ਯੂਜੀਸੀ ਨਾਲੋਂ ਡੀਲਿੰਕ ਨਾ ਕਰਨ ਸ਼ਾਮਿਲ ਹੈ। ਕੰਪਨੀ ਬਾਗ ’ਚ ਲੱਗੇ ਮਹਾਤਮਾ ਗਾਂਧੀ ਦੇ ਬੁੱਤ ਤੋਂ ਲੈ ਕੇ ਨਾਵਲਟੀ ਚੌਂਕ ਤੱਕ ਕੀਤੇ ਗਏ ਰੋਸ ਮੁਜ਼ਾਹਰੇ ਵਿੱਚ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

ਨਾਵਲਟੀ ਚੌਂਕ ਵਿੱਚ ਸੰਬੋਧਨ ਕਰਦਿਆਂ ਪੰਜਾਬ-ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰੋ. ਗੁਰਦਾਸ ਸਿੰਘ ਨੇ ਕਿਹਾ ਕਿ ਅਧਿਆਪਕ 1 ਦਸੰਬਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਹੜਤਾਲ ’ਤੇ ਹਨ ਤੇ ਪੜ੍ਹਾਈ ਬੰਦ ਪਈ ਹੈ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇੱਕ-ਦੋ ਦਿਨਾਂ ਵਿੱਚ ਮੰਗਾਂ ਨਾ ਮੰਨੀਆਂ ਤਾਂ ਵਿਦਿਆਰਥੀਆਂ ਨੂੰ ਨਾਲ ਲੈ ਕੇ ਪੰਜਾਬ ਜਾਮ ਕਰਾਂਗੇ ਅਤੇ ਪਿੰਡਾਂ ਵਿੱਚ ਜਾ ਕੇ ਕਾਂਗਰਸ ਖਿਲਾਫ਼ ਪ੍ਰਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 20 ਹਜ਼ਾਰ ਅਧਿਆਪਕ ਹਨ ਅਤੇ 7 ਲੱਖ ਤੋਂ ਵੱਧ ਵਿਦਿਆਰਥੀ, ਜੋ ਅਧਿਆਪਕਾਂ ਦਾ ਸਾਥ ਦੇਣਗੇ। ਖਾਲਸਾ ਕਾਲਜ ਟੀਚਰਜ਼ ਯੂਨੀਅਨ ਦੇ ਪ੍ਰਧਾਨ ਪ੍ਰੋ. ਰਣਧੀਰ ਸਿੰਘ ਨੇ ਕਿਹਾ ਕਿ ਹੜਤਾਲ ਕਾਰਨ ਹੋ ਰਹੇ ਪੜ੍ਹਾਈ ਦੇ ਨੁਕਸਾਨ ਲਈ ਸਰਕਾਰ ਜ਼ਿੰਮੇਵਾਰ ਹੈ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੀਆਂ ਸਮੈਸਟਰ ਪ੍ਰੀਖਿਆਵਾਂ ਨਹੀਂ ਹੋਣ ਦਿੱਤੀਆਂ ਜਾਣਗੀਆਂ। ਪ੍ਰੋ. ਹੀਰਾ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਡੀਲਿੰਕ ਜਾਰੀ ਰੱਖਿਆ ਤਾਂ ਪੰਜਾਬ ਵਿੱਚ ਆਉਣ ਵਾਲੇ ਸਮੇਂ ਵਿੱਚ ਕੋਈ ਯੋਗ ਟੀਚਰ ਨਹੀਂ ਰਹੇਗਾ।