Punjab

5 ਸਾਲ ਦੇ ਪੁੱਤ ਨੂੰ ਉਮੀਦਾਂ ਨਾਲ ਸਕੂਲ ਭੇਜਿਆ ! ਪਰ ਚਿੱਟੀ ਚਾਦਰ ‘ਚ ਘਰ ਪਰਤਿਆ ! ਪਰਿਵਾਰ ਦੇ ਨਿਕਲਿਆ ਤ੍ਰਾਹ

ਬਿਉਰੋ ਰਿਪੋਰਟ : ਤਰਨਤਾਰਨ ਦੇ ਪੱਟੀ ਹਲਕੇ ਤੋਂ ਇੱਕ ਬਹੁਤ ਦੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ । ਜਿਸ ਨੂੰ ਸੁਣਕੇ ਹਰ ਮਾਪਿਆਂ ਦਾ ਦਿਲ ਕੰਭ ਗਿਆ ਹੈ । ਪਿੰਡ ਲੌਹਕਾ ਤੋਂ 5 ਸਾਲ ਦੇ ਬੱਚੇ ਦੀ ਦਰਦਨਾਕ ਮੌਤ ਹੋਈ ਹੈ । ਮ੍ਰਿਤਕ ਦੇ ਪਿਤਾ ਗੁਰਭੇਜ ਸਿੰਘ ਨੇ ਦੱਸਿਆ ਕਿ ਪੁੱਤਰ ਦੀ ਮੌਤ ਟਰੱਕ ਹੇਠਾਂ ਆਉਣ ਨਾਲ ਹੋਈ ਹੈ ਜਦੋਂ ਉਹ ਪ੍ਰਾਈਵੇਟ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਘਰ ਪਰਤ ਰਿਹਾ ਸੀ ।

5 ਸਾਲ ਦੇ ਹਰਜੋਤ ਸਿੰਘ ਨੂੰ ਮਾਪਿਆਂ ਨੇ ਸਵੇਰ ਵੇਲੇ ਚਾਵਾਂ ਨਾਲ ਤਿਆਰ ਕਰਕੇ ਭੇਜਿਆ ਸੀ । ਹਰ ਰੋਜ਼ ਉਹ ਸਕੂਲ ਵੈਨ ‘ਤੇ ਜਾਂਦਾ ਸੀ । ਜਦੋਂ 11 ਵਜੇ ਛੁੱਟੀ ਹੋਈ ਤਾਂ ਰੋਜ਼ਾਨਾ ਵਾਂਗ ਹਰਜੋਤ ਘਰ ਪਰਤ ਰਿਹਾ ਸੀ,ਮਾਂ ਉਸ ਦੀ ਉਡੀਕ ਕਰ ਰਹੀ ਸੀ ।
ਪਰ ਮਾਂ ਨੂੰ ਨਹੀਂ ਪਤਾ ਸੀ ਹਰਜੋਤ ਦਾ ਇਹ ਇੰਤਜ਼ਾਰ ਹੁਣ ਉਮਰ ਭਰ ਨਾ ਖਤਮ ਹੋਣ ਵਾਲਾ ਹੋਵੇਗਾ । ਘਰ ਵਾਲਿਆਂ ਨੂੰ ਇਤਲਾਹ ਦਿੱਤੀ ਗਈ ਕਿ ਵੈਨ ਜਦੋਂ ਪਿੰਡ ਲੌਹਕੇ ਪਹੁੰਚੀ ਤਾਂ ਤਰਨਤਾਰਨ ਵਾਲੇ ਪਾਸਿਓਂ ਇੱਕ ਟਰੱਕ ਲੱਘ ਰਿਹਾ ਸੀ ਜਿਸ ਨੇ ਹਰਜੋਤ ਨੂੰ ਆਪਣੀ ਚਪੇਟ ਵਿੱਚ ਲੈ ਲਿਆ ।

ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਹਾਦਸਾ ਇਨ੍ਹਾਂ ਜ਼ਿਆਦਾ ਭਿਆਨਕ ਸੀ ਕਿ ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਦੋਂ ਚਿੱਟੇ ਕੱਪੜੇ ਵਿੱਚ ਪੁੱਤ ਦੀ ਲਾਸ਼ ਘਰ ਪਹੁੰਚੀ ਤਾਂ ਪਰਿਵਾਰ ਦਾ ਦਿਲ ਬੈਠ ਗਿਆ । ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ । ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਪੁੱਤਰ ਹਰਜੋਤ ਸਿੰਘ ਇਸ ਦੁਨੀਆ ਤੋਂ ਚੱਲਾ ਗਿਆ ਹੈ ,ਹੁਣ ਉਹ ਕਦੇ ਵਾਪਸ ਨਹੀਂ ਆਵੇਗਾ । ਪੂਰੇ ਪਿੰਡ ਵਿੱਚ ਹਰਜੋਤ ਦੇ ਜਾਣ ਨਾਲ ਸੋਗ ਹੈ,ਹਰ ਕੋਈ ਪਰਿਵਾਰ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।

ਪੁਲਿਸ ਨੇ ਟਰੱਕ ਚਲਾਉਣ ਵਾਲੇ ਡਰਾਈਵਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ,ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿਸ ਦੀ ਲਾਪਰਵਾਹੀ ਦੀ ਵਜ੍ਹਾ ਕਰਕੇ ਹਾਦਸਾ ਹੋਇਆ ਹੈ ।