Punjab

ਪਿਤਾ ਤਰਸੇਮ ਸਿੰਘ ਨੇ ਪੁੱਤ ‘ਤੇ ਸਿੱਖ ਕੈਦੀਆਂ ਦੀ ਸਿਹਤ ਬਾਰੇ ਦਿੱਤੀ ਵੱਡੀ ਜਾਣਕਾਰੀ !

ਬਿਊਰੋ ਰਿਪੋਰਟ : ਡਿਬਰੂਗੜ੍ਹ ਜੇਲ੍ਹ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਖਾਣੇ ਵਿੱਚ ਤੰਬਾਕੂ ਮਿਲਣ ਅਤੇ ਫ਼ੋਨ ‘ਤੇ ਗੱਲਬਾਤ ਨਾ ਕਰਨ ਦੇਣ ਦੀ ਸ਼ਿਕਾਇਤ ਤੋਂ ਬਾਅਦ ਹੁਣ ਪਿਤਾ ਤਰਸੇਮ ਸਿੰਘ ਨੇ ਇੱਕ ਹੋਰ ਵੱਡਾ ਦਾਅਵਾ ਕੀਤਾ ਹੈ । ਪਿਤਾ ਨੇ ਦੱਸਿਆ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਤਬੀਅਤ ਖ਼ਰਾਬ ਰਹਿੰਦੀ ਹੈ,ਉਨ੍ਹਾਂ ਦੇ ਚੰਗੇ ਇਲਾਜ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਅਪੀਲ ਕੀਤਾ ਹੈ ਕਿ ਖਾਣੇ ਵਿੱਚ ਮਿਲੇ ਤੰਬਾਕੂ ਦਾ ਸਖ਼ਤ ਨੋਟਿਸ ਲੈਣ। ਪਿਤਾ ਨੇ ਕਿਹਾ ਜੇਲ੍ਹ ਵਿੱਚ ਸਾਰੇ ਸਿੰਘ ਅੰਮ੍ਰਿਤਧਾਰੀ ਹਨ,ਉਨ੍ਹਾਂ ਨੂੰ ਵੱਖ ਤੋਂ ਆਪਣਾ ਖਾਣਾ ਬਣਾਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ।
ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਕਿਹਾ ਹੈ ਕਿ ਉਹ ਫ਼ੋਨ ਅਤੇ ਖਾਣਾ ਬਣਾਉਣ ਦੀ ਇਜਾਜ਼ਤ ਦੇਵੇ । ਜੇਲ੍ਹ ਵਿੱਚ ਭੁੱਖ ਹੜਤਾਲ ਨੂੰ ਲੈ ਕੇ ਪਿਤਾ ਤਰਸੇਮ ਸਿੰਘ ਨੇ ਕਿਹਾ ਉਨ੍ਹਾਂ ਦੀ ਨੂੰਹ ਕਿਰਨਦੀਪ ਕੌਰ ਨੇ ਦੱਸਿਆ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਭੁੱਖ ਹੜਤਾਲ ਕਰਨ ਦਾ ਫ਼ੈਸਲਾ ਲਿਆ ਸੀ ਪਰ ਇਸ ਤੋਂ ਬਾਅਦ ਜੇਲ੍ਹ ਦੇ ਅਧਿਕਾਰੀਆਂ ਨੇ ਸਿੱਖ ਕੈਦੀਆਂ ਨਾਲ ਮੁਲਾਕਾਤ ਕੀਤੀ, ਹੁਣ ਇਹ ਮਾਮਲਾ ਸੁਲਝਿਆ ਜਾਂ ਨਹੀਂ ਇਸ ਬਾਰੇ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ । ਉੱਧਰ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ,ਦਲਜੀਤ ਕਲਸੀ ਦੇ ਵਕੀਲ,ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਅਤੇ SGPC ਦਾ ਵੀ ਅਹਿਮ ਬਿਆਨ ਸਾਹਮਣੇ ਆਇਆ ਹੈ ।

ਜੇਲ੍ਹ ਪ੍ਰਸ਼ਾਸਨ ਦਾ ਬਿਆਨ

ਡਿਬੜੂਗੜ੍ਹ ਜੇਲ੍ਹ ਦੇ ਡੀ ਜੀ ਨੇ ਜੇਲ੍ਹ ਵਿੱਚ ਬੰਦ ਸਿੱਖ ਕੈਦੀਆਂ ਦੇ ਭੁੱਖ ਹੜਤਾਲ ‘ਤੇ ਜਾਣ ਦੀ ਖ਼ਬਰ ਦਾ ਖੰਡਨ ਕੀਤਾ ਹੈ । ਉਨ੍ਹਾਂ ਕਿਹਾ ਅਸਾਮ ਦੇ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਕਿਸੇ ਵੀ ਕੈਦੀ ਨੂੰ ਜੇਲ੍ਹ ਵਿੱਚੋਂ ਮੋਬਾਈਲ ਦੇ ਜ਼ਰੀਏ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤਾ ਜਾਂਦੀ ਹੈ । ਸਿਰਫ਼ ਪਰਿਵਾਰ ਨੂੰ ਹਰ ਹਫ਼ਤੇ ਮਿਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ । ਉੱਧਰ SP ਨੇ ਕਿਹਾ ਹੈ ਕਿ ਉਨ੍ਹਾਂ ਨੂੰ ਖ਼ਬਰ ਮਿਲੀ ਸੀ ਕਿ 29 ਜੂਨ ਨੂੰ ਕਿਰਨਦੀਪ ਕੌਰ ਜਦੋਂ ਪਤੀ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਆਈ ਸੀ ਤਾਂ ਉਹ ਜੇਲ੍ਹ ਬਾਹਰ ਹੜਤਾਲ ‘ਤੇ ਬੈਠਣਾ ਚਾਹੁੰਦੀ ਸੀ ਪਰ ਉਹ ਹੋ ਨਹੀਂ ਸਕਿਆ ।

ਦਲਜੀਤ ਕਲਸੀ ਦੇ ਵਕੀਲ ਦਾ ਬਿਆਨ

ਦਲਜੀਤ ਕਲਸੀ ਦੇ ਵਕੀਲ ਸਿਮਰਨਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਫ਼ੋਨ ਦੀ ਸੁਵਿਧਾ ਨਾ ਮਿਲਣ ਅਤੇ ਖਾਣੇ ਵਿੱਚ ਤੰਬਾਕੂ ਮਿਲ ‘ਤੇ ਕੈਦੀਆਂ ਨੇ ਭੁੱਖ ਹੜਤਾਲ ਕੀਤੀ ਹੈ । ਉਨ੍ਹਾਂ ਨੇ ਕਿਹਾ ਕੈਦੀ ਪੰਜਾਬ ਦੇ ਹਨ ਇਸ ਲਈ ਜੇਲ੍ਹ ਮੈਨੂਅਲ ਵੀ ਪੰਜਾਬ ਦਾ ਲਾਗੂ ਹੋਵੇਗਾ। ਸਿਮਰਨਜੀਤ ਸਿੰਘ ਨੇ ਇੱਕ ਹੋਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਾਡੇ ਕੈਦੀਆਂ ‘ਤੇ ਇੱਕ ਕੇਸ ਵਿੱਚ ਇੱਕ ਹੀ ਵਕੀਲ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ ਜਦਕਿ ਕਾਨੂੰਨ ਮੁਤਾਬਕ ਇੱਕ ਵਕੀਲ ਜਿੰਨੇ ਮਰਜ਼ੀ ਕੇਸ ਲੜ ਸਕਦਾ ਹੈ । ਉਨ੍ਹਾਂ ਦੱਸਿਆ ਕਿ ਇੱਕ-ਇੱਕ ਕੈਦੀ ਖ਼ਿਲਾਫ਼ 1 ਤੋਂ 8 ਕੇਸ ਹਨ। ਵਕੀਲ ਸਿਮਰਨਜੀਤ ਸਿੰਘ ਨੇ ਕਿਹਾ ਜੇਕਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ ਤਾਂ ਉਹ ਅਦਾਲਤ ਦਾ ਰੁੱਖ ਵੀ ਕਰਨਗੇ ।

SGPC ਅਤੇ ਜਥੇਦਾਰ ਸਾਹਿਬ ਦਾ ਬਿਆਨ

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਸਿੱਖ ਕੈਦੀਆਂ ਨਾਲ ਹੋ ਰਹੇ ਵਤੀਰੇ ਨੂੰ ਅਣਮਨੁੱਖੀ ਕਰਾਰ ਦਿੱਤਾ,ਉਨ੍ਹਾਂ ਕਿਹਾ ਅੰਮ੍ਰਿਤਧਾਰੀ ਸਿੰਘਾਂ ਨੂੰ ਕਿਵੇਂ ਤੰਬਾਕੂ ਵਾਲਾ ਖਾਣਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਿੰਘਾਂ ਨੂੰ ਆਪਣਾ ਖਾਣਾ ਬਣਾਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਧਾਮੀ ਨੇ ਕਿਹਾ ਹਰ ਮਹੀਨੇ ਸਿੱਖਾਂ ਦੀ ਸਿਹਤ ਦਾ ਚੈੱਕਅਪ ਹੋਣਾ ਚਾਹੀਦਾ ਹੈ। SGPC ਦੇ ਪ੍ਰਧਾਨ ਨੇ ਕਿਹਾ ਆਖ਼ਿਰ ਕਿਉਂ ਨਹੀਂ ਸਰਕਾਰ ਚਾਹੁੰਦੀ ਕਿ ਕੈਦੀ ਆਪਣੇ ਪਰਿਵਾਰਾਂ ਨਾਲ ਗੱਲ ਕਰ ਸਕਣ,ਉਨ੍ਹਾਂ ਨੂੰ ਕਿਸ ਚੀਜ਼ਾਂ ਦਾ ਡਰ ਹੈ ।

ਉੱਧਰ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਅੰਮ੍ਰਿਤਧਾਰੀ ਸਿੱਖਾਂ ਦੇ ਖਾਣੇ ਵਿੱਚ ਤੰਬਾਕੂ ਮਿਲਣਾ ਬਹੁਤ ਹੀ ਗੰਭੀਰ ਮੁੱਦਾ ਹੈ, ਇਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਪੰਜਾਬ, ਕੇਂਦਰ ਅਤੇ ਅਸਾਮ ਸਰਕਾਰ ਇਸ ਬਾਰੇ ਧਿਆਨ ਦੇਣ।