India Punjab

ਤਰਨ ਤਾਰਨ ਜ਼ਿਮਨੀ ਚੋਣ – ਡਾ. ਚੀਮਾ ਦਾ ਵੱਡਾ ਦਾਅਵਾ, ਅਕਾਲੀ ਸਰਪੰਚਾਂ-ਕੌਂਸਲਰ ਨੂੰ ਪੁਲਿਸ ਨੇ ਚੁੱਕਿਆ

ਬਿਊਰੋ ਰਿਪੋਰਟ (ਤਰਨ ਤਾਰਨ, 7 ਨਵੰਬਰ 2025): ਤਰਨ ਤਾਰਨ ਜ਼ਿਮਨੀ ਚੋਣ ਵਿੱਚ ਪੰਜਾਬ ਸਰਕਾਰ ਨੂੰ ਵਿਰੋਧੀ ਪਾਰਟੀਆਂ ਨੇ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਤੋਂ ਬਾਅਦ ਅੱਜ (ਸ਼ੁੱਕਰਵਾਰ ਨੂੰ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਵੀ ਪ੍ਰਸ਼ਾਸਨ ’ਤੇ ਗੰਭੀਰ ਇਲਜ਼ਾਮ ਲਾਏ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਧਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿੱਚ ਹੁਣ ਸੁਖਬੀਰ ਬਾਦਲ ਵੀ ਸ਼ਾਮਲ ਹੋਣਗੇ।

ਦਲਜੀਤ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਰਾਤ ਨੂੰ ਉਨ੍ਹਾਂ ਦੇ ਇੱਕ ਮੌਜੂਦਾ ਸਰਪੰਚ ਅਤੇ ਦੋ ਸਾਬਕਾ ਸਰਪੰਚ ਚੁੱਕ ਲਏ। ਇਸ ਦੇ ਨਾਲ ਹੀ ਤੜਕੇ ਤਰਨ ਤਾਰਨ ਦੇ ਇੱਕ ਕੌਂਸਲਰ ਨੂੰ ਵੀ ਚੁੱਕ ਲਿਆ ਗਿਆ। ਦਲਜੀਤ ਚੀਮਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਮਾਮਲੇ ਵਿੱਚ ਐਸ.ਐਸ.ਪੀ. ਨਾਲ ਗੱਲ ਕੀਤੀ ਤਾਂ ਐਸ.ਐਸ.ਪੀ. ਨੇ ਕਹਿ ਦਿੱਤਾ ਕਿ ਪੁਲਿਸ ਨੇ ਨਹੀਂ ਚੁੱਕਿਆ। ਜਿਸ ’ਤੇ ਚੀਮਾ ਨੇ ਉਨ੍ਹਾਂ ਨੂੰ ਕਿਹਾ ਕਿ ਫਿਰ ਕਿਡਨੈਪਿੰਗ ਦਾ ਪਰਚਾ ਦਰਜ ਕਰਵਾ ਦਿਓ।

ਚੀਮਾ ਨੇ ਦੱਸਿਆ ਕਿ ਪੁਲਿਸ ਅਕਾਲੀ ਆਗੂ ਤੇ ਮੌਜੂਦਾ ਸਰਪੰਚ ਵਰਿੰਦਰ ਸਿੰਘ ਸੋਨੂੰ ਬਰਾੜ, ਸਾਬਕਾ ਸਰਪੰਚ ਬਲਵਿੰਦਰ ਸਿੰਘ ਬਿੰਦਾ, ਅਜਮੇਲ ਸਿੰਘ ਅਤੇ ਕੌਂਸਲਰ ਸ਼ਾਮ ਸਿੰਘ ਮੁਰਾਦਪੁਰਾ ਨੂੰ ਉਨ੍ਹਾਂ ਦੇ ਘਰੋਂ ਚੁੱਕ ਕੇ ਲੈ ਗਈ ਹੈ। ਉਨ੍ਹਾਂ ਨੂੰ ਜਿਵੇਂ ਹੀ ਸੂਚਨਾ ਮਿਲੀ, ਉਹ ਮੌਕੇ ’ਤੇ ਪਹੁੰਚੇ ਅਤੇ ਪੁਲਿਸ ਅਫ਼ਸਰਾਂ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਦੀ ਇਸ ਕਾਰਵਾਈ ਖ਼ਿਲਾਫ਼ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਦੇ ਦਿੱਤੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਪਿੱਛਾ ਕਰ ਰਹੀਆਂ ਗੱਡੀਆਂ

ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਤਰਨ ਤਾਰਨ ਵਿੱਚ ਅਕਾਲੀ ਦਲ ਦੇ ਆਗੂਆਂ ਦਾ ਪਿੱਛਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗ਼ਲਤ ਨੰਬਰ ਪਲੇਟਾਂ ਵਾਲੀਆਂ ਕਾਰਾਂ ਉਨ੍ਹਾਂ ਦੇ ਆਗੂਆਂ ਦਾ ਪਿੱਛਾ ਕਰ ਰਹੀਆਂ ਹਨ। ਸ਼ਹਿਰ ਵਿੱਚ ਬਿਨਾਂ ਨੰਬਰ ਪਲੇਟ ਵਾਲੀਆਂ ਗੱਡੀਆਂ ਚੱਲ ਰਹੀਆਂ ਹਨ, ਜਿਨ੍ਹਾਂ ’ਤੇ ‘ਪੰਜਾਬ ਸਰਕਾਰ’ ਲਿਖਿਆ ਹੋਇਆ ਹੈ। ਉਨ੍ਹਾਂ ਮੁਤਾਬਕ ਪ੍ਰਸ਼ਾਸਨ ਇਸ ’ਤੇ ਪੂਰੀ ਤਰ੍ਹਾਂ ਚੁੱਪ ਹੈ।

ਚੀਮਾ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਜੋ ਜ਼ਿੰਮੇਵਾਰੀ ਹੈ, ਉਸ ਨੂੰ ਨਿਭਾਉਣ। ਆਬਜ਼ਰਵਰ ਹਲਕੇ ਵਿੱਚ ਆਜ਼ਾਦ ਅਤੇ ਨਿਰਪੱਖ (Free and Fair) ਚੋਣਾਂ ਕਰਵਾਈਆਂ ਜਾਣ। ਇਸ ਦੇ ਲਈ ਸਥਾਨਕ ਪ੍ਰਸ਼ਾਸਨ ‘ਤੇ ਨਕੇਲ ਕੱਸੀ ਜਾਵੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਚੋਣਾਂ ਕਰਵਾਉਣ ਦਾ ਕੋਈ ਫਾਇਦਾ ਨਹੀਂ ਹੈ। ਜੇਕਰ ਸਰਕਾਰ ਨੇ ਵਿਰੋਧੀ ਪਾਰਟੀ ਦੇ ਲੋਕਾਂ ਨੂੰ ਚੁੱਕਣਾ ਹੀ ਹੈ, ਤਾਂ ਚੋਣਾਂ ਕਰਵਾਉਣ ਦੀ ਬਜਾਏ ਖੁਦ ਹੀ ਜਿੱਤ ਦਾ ਐਲਾਨ ਕਰ ਦੇਵੇ।