ਬਿਉਰੋ ਰਿਪੋਰਟ – ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਨੂੰ ਪੱਤਰ ਲਿਖ ਕੇ ਡਾ. ਮਨਮੋਹਨ ਸਿੰਘ ਦੀ ਯਾਦਗਾਰ ਬਣਾਉਣ ਦੀ ਥਾਂ ਵਿਦਿਅਕ ਸੰਸਥਾ ਬਣਾਉਣ ਦਾ ਸੁਝਾਅ ਦਿੱਤਾ ਹੈ। ਦੱਸ ਦੇਈਏ ਕਿ ਡਾ. ਮਨਮੋਹਨ ਸਿੰਘ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਯਾਦਗਾਰ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਤਰਲੋਚਨ ਸਿੰਘ ਨੇ ਲਿਖਿਆ ਕਿ ਤੁਸੀਂ ਜਾਣਦੇ ਹੋ ਕਿ ਸਿੱਖ ਧਰਮ ਵਿੱਚ ਸਮਾਧੀ ਜਾਂ ਯਾਦਗਾਰ ਦੀ ਇਜਾਜ਼ਤ ਨਹੀਂ ਹੈ। ਸਿੱਖ ਧਾਰਮਿਕ ਆਗੂਆਂ ਨੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਵੀ ਸਮਾਧੀ ਨੂੰ ਵੀ ਸਵੀਕਾਰ ਨਹੀਂ ਕੀਤਾ ਸੀ। ਇਸ ਸਬੰਧ ਵਿਚ ਸੁਝਾਅ ਦਿੱਤਾ ਜਾਂਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਭਾਈਚਾਰੇ ਅਤੇ ਪਰਿਵਾਰ ਨੂੰ ਉਨ੍ਹਾਂ ਦੇ ਨਾਂ ‘ਤੇ ਇਕ ਵਿਦਿਅਕ ਸੰਸਥਾ ਸਥਾਪਿਤ ਕਰਨ ਦਾ ਪ੍ਰਸਤਾਵ ਦੇਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਤਰਲੋਚਨ ਸਿੰਘ ਨੇ ਇਸ ਪੱਤਰ ਵਿੱਚ ਲਿਖਿਆ ਕਿ ਡਾ: ਮਨਮੋਹਨ ਸਿੰਘ ਅਰਥ ਸ਼ਾਸਤਰ ਦੇ ਵਿਦਵਾਨ ਸਨ। ਇਸ ਕਰਕੇ ਦਿੱਲੀ ਵਿੱਚ ਉਨ੍ਹਾਂ ਦੇ ਨਾਂ ’ਤੇ ਇੰਟਰਨੈਸ਼ਨਲ ਡਾ: ਮਨਮੋਹਨ ਸਿੰਘ ਸਕੂਲ ਆਫ਼ ਇਕਨਾਮਿਕਸ ਜਾਂ ਡਾ: ਮਨਮੋਹਨ ਸਿੰਘ ਸਕੂਲ ਆਫ਼ ਐਡਮਿਨਿਸਟ੍ਰੇਸ਼ਨ ਸਥਾਪਤ ਕਰਨ ਦੀ ਮੰਗ ਉੱਠਣੀ ਚਾਹੀਦੀ ਹੈ। ਜਿੱਥੇ ਵੱਖ-ਵੱਖ ਦੇਸ਼ਾਂ ਦੇ ਨੌਜਵਾਨ ਆ ਕੇ ਪੜ੍ਹਾਈ ਕਰ ਸਕਣਗੇ ਅਤੇ ਡਾ: ਮਨਮੋਹਨ ਸਿੰਘ ਦਾ ਨਾਂਅ ਹਮੇਸ਼ਾ ਯਾਦ ਰੱਖਿਆ ਜਾਵੇਗਾ | ਸੰਸਥਾ ਦੇ ਅਹਾਤੇ ਵਿੱਚ ਡਾ: ਮਨਮੋਹਨ ਸਿੰਘ ਦੇ ਜੀਵਨ ਅਤੇ ਕੰਮਾਂ ਦਾ ਅਜਾਇਬ ਘਰ ਵੀ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ – ਜਲੰਧਰ ‘ਚ ਵੀਰਵਾਰ ਨੂੰ ਅੱਧੀ ਛੁੱਟੀ ਦਾ ਐਲਾਨ