ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਕਾਂਤ ਮਜੂਮਦਾਰ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਕੋਲਕਾਤਾ ਦੇ ਪਾਰਕ ਸਰਕਸ ਸੈਵਨ ਪੁਆਇੰਟ ਇਲਾਕੇ ਵਿੱਚ ਰਾਮ ਨੌਮੀ ਰੈਲੀ ‘ਤੇ ਹਮਲਾ ਹੋਇਆ ਹੈ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਵੀਡੀਓ ਸਾਂਝਾ ਕਰਦੇ ਹੋਏ ਮਜੂਮਦਾਰ ਨੇ ਲਿਖਿਆ – ਸਿਰਫ਼ ਭਗਵਾਂ ਝੰਡਾ ਲੈ ਕੇ ਜਾਣ ਲਈ ਵਾਹਨਾਂ ‘ਤੇ ਪੱਥਰ ਸੁੱਟੇ ਗਏ। ਸ਼ੀਸ਼ਾ (ਵਿੰਡਸ਼ੀਲਡ) ਟੁੱਟ ਗਿਆ ਸੀ। ਅਰਾਜਕਤਾ ਫੈਲ ਗਈ। ਇਹ ਕੋਈ ਆਮ ਘਟਨਾ ਨਹੀਂ ਸੀ ਸਗੋਂ ਨਿਸ਼ਾਨਾ ਬਣਾ ਕੇ ਕੀਤੀ ਗਈ ਹਿੰਸਾ ਸੀ।
ਇਸ ਦੇ ਜਵਾਬ ਵਿੱਚ, ਕੋਲਕਾਤਾ ਪੁਲਿਸ ਨੇ ਕਿਹਾ ਕਿ ਕਿਸੇ ਵੀ ਜਲੂਸ ਲਈ ਇਜਾਜ਼ਤ ਨਹੀਂ ਲਈ ਗਈ ਸੀ। ਨਾ ਹੀ ਇਲਾਕੇ ਵਿੱਚ ਅਜਿਹੀ ਕੋਈ ਗਤੀਵਿਧੀ ਹੋਈ। ਗੱਡੀ ਨੂੰ ਨੁਕਸਾਨ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ, ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਸਥਿਤੀ ਆਮ ਵਾਂਗ ਹੈ। ਜਾਂਚ ਲਈ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਕਿਸੇ ਵੀ ਅਫਵਾਹ ਵੱਲ ਧਿਆਨ ਨਾ ਦਿਓ।
ਐਤਵਾਰ ਨੂੰ ਦੇਸ਼ ਭਰ ਵਿੱਚ ਰਾਮ ਨੌਮੀ ਮਨਾਈ ਗਈ। ਰਾਮ ਨੌਮੀ ‘ਤੇ ਯੂਪੀ, ਐਮਪੀ, ਰਾਜਸਥਾਨ, ਮਹਾਰਾਸ਼ਟਰ, ਗੁਜਰਾਤ, ਹਰਿਆਣਾ, ਪੱਛਮੀ ਬੰਗਾਲ, ਝਾਰਖੰਡ ਵਿੱਚ ਜਲੂਸ ਕੱਢੇ ਗਏ। ਪੱਛਮੀ ਬੰਗਾਲ ਵਿੱਚ ਭਾਜਪਾ ਅਤੇ ਟੀਐਮਸੀ ਦੇ ਲਗਭਗ 2500 ਜਲੂਸ ਕੱਢਣ ਦਾ ਪ੍ਰੋਗਰਾਮ ਸੀ। ਸੂਬੇ ਵਿੱਚ 6 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਡਰੋਨ ਅਤੇ ਸੀਸੀਟੀਵੀ ਰਾਹੀਂ ਨਿਗਰਾਨੀ ਰੱਖੀ ਗਈ।