ਬਿਊਰੋ ਰਿਪੋਰਟ : ਜੰਮੂ-ਕਸ਼ਮੀਰ ਦੇ ਪੁੱਛ ਸੈਕਟਰ ਵਿੱਚ ਤਾਇਨਾਤ ਵਰਿੰਦਰ ਸਿੰਘ ਦੀ ਮੌਤ ਪਰਿਵਾਰ ਅਤੇ ਫੌਜ ਦੋਵਾਂ ਦੇ ਲਈ ਬੁਝਾਰਤ ਬਣ ਗਈ ਹੈ। ਤਰਨਤਾਰਨ ਦੇ ਰਹਿਣ ਵਾਲੇ ਗੋਹਲਵੜ ਦੇ ਜਵਾਨ ਵਰਿੰਦਰ ਸਿੰਘ ਦੇ ਪਿਤਾ ਸਤਨਾਮ ਸਿੰਘ ਮਾਂ ਦਰਸ਼ਨ ਕੌਰ ਅਤੇ ਪਤਨੀ ਸੰਦੀਪ ਕੌਰ ਨੂੰ ਹੁਣ ਤੱਕ ਇਹ ਨਹੀਂ ਪਤਾ ਚੱਲਿਆ ਕਿ ਉਸ ਦੀ ਅਚਾਨਕ ਮੌਤ ਦਾ ਕਾਰਨ ਕੀ ਹੈ ? ਉਨ੍ਹਾਂ ਮੁਤਾਬਕ ਫ਼ੌਜ ਤੋਂ ਫ਼ੋਨ ਆਇਆ ਕਿ ਵਰਿੰਦਰ ਸਿੰਘ ਦੀ ਮੌਤ ਹੋ ਗਈ ਹੈ । ਪਰ ਕਾਰਨ ਨਹੀਂ ਦੱਸਿਆ ਗਿਆ । ਮੰਗਲਵਾਰ ਨੂੰ ਜਦੋਂ ਮ੍ਰਿਤਕ ਦੇਹ ਪਿੰਡ ਲੈ ਕੇ ਪਹੁੰਚੇ ਤਾਂ ਜਲਦਬਾਜ਼ੀ ਵਿੱਚ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ । ਵਰਿੰਦਰ ਦੀ 7 ਸਾਲਾ ਧੀ ਹੈ । ਪਰਿਵਾਰ ਦਾ ਕਹਿਣਾ ਹੈ ਕਿ ਉਹ 12 ਸਾਲ ਤੋਂ ਫ਼ੌਜ ਵਿੱਚ ਭਰਤੀ ਹੈ ਅਤੇ ਦੇਸ਼ ਦੀ ਸੇਵਾ ਕਰ ਰਿਹਾ ਸੀ ।
ਸਿਰਫ਼ ਇਨ੍ਹਾਂ ਹੀ ਨਹੀਂ ਪਿੰਡ ਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਨਹੀਂ ਪਹੁੰਚਿਆ, ਪਰਿਵਾਰ ਨੂੰ ਇਸ ਗੱਲ ਦਾ ਵੀ ਕਾਫ਼ੀ ਮਲਾਲ ਹੈ। ਵਰਿੰਦਰ ਸਿੰਘ ਦਾ ਅੰਤਿਮ ਸਸਕਾਰ ਫ਼ੌਜੀ ਸਨਮਾਨ ਨਾਲ ਨਹੀਂ ਕੀਤਾ ਗਿਆ । ਪਰਿਵਾਰ ਦਾ ਕਹਿਣਾ ਹੈ ਕਿ ਵਰਿੰਦਰ ਸਿੰਘ ਦੀ ਮੌਤ ਕਿਵੇਂ ਹੋਈ ? ਇਸ ਦੇ ਪਿੱਛੇ ਕੀ ਕਾਰਨ ਸੀ ? ਫ਼ੌਜ ਨੇ ਵੀ ਇਸ ਬਾਰੇ ਕੋਈ ਸਹੀ ਜਾਣਕਾਰੀ ਨਹੀਂ ਦਿੱਤੀ। ਵਰਿੰਦਰ ਦਾ ਭਰਾ ਨਿਰਵੈਰ ਵੀ ਫ਼ੌਜ ਤੋਂ ਰਿਟਾਇਰਡ ਹੋਇਆ ਹੈ। ਉਸ ਨੇ ਕਿਹਾ ਭਰਾ ਸ਼ਹੀਦ ਹੋਇਆ ਹੈ ਪਰ ਸਰਕਾਰ ਨੇ ਅੰਤਿਮ ਸਸਕਾਰ ਸਨਮਾਨ ਨਾਲ ਨਹੀਂ ਕੀਤਾ ਇਸ ਦਾ ਉਨ੍ਹਾਂ ਨੂੰ ਦੁੱਖ ਹੈ । ਪਰ ਵੱਡਾ ਸਵਾਲ ਇਹ ਹੈ ਕਿ ਆਖ਼ਿਰ ਫ਼ੌਜ ਵਰਿੰਦਰ ਦੀ ਮੌਤ ਬਾਰੇ ਜਾਣਕਾਰੀ ਕਿਉਂ ਨਹੀਂ ਸਾਂਝੀ ਕਰ ਰਹੀ ਹੈ ।
ਵਰਿੰਦਰ ਦੀ ਮੌਤ ਨਾਲ ਜੁੜੇ ਸਵਾਲ
ਸਭ ਤੋਂ ਵੱਡਾ ਸਵਾਲ ਵਰਿੰਦਰ ਸਿੰਘ ਕੀ ਕਿਸੇ ਮੁਕਾਬਲੇ ਦੌਰਾਨ ਸ਼ਹੀਦ ਹੋਇਆ ਹੈ ? ਕੀ ਉਹ ਕਿਸੇ ਗੁਪਤ ਮਿਸ਼ਨ ‘ਤੇ ਸੀ, ਉਸ ਦੌਰਾਨ ਕੁਝ ਅਜਿਹਾ ਹਾਦਸਾ ਹੋਇਆ ਹੋਵੇ, ਜਿਸ ਨੂੰ ਫ਼ੌਜ ਦੇ ਅਧਿਕਾਰੀ ਸਾਂਝਾ ਨਹੀਂ ਕਰਨਾ ਚਾਹੁੰਦੇ ਹੋਣ ? ਜਾਂ ਡਿਊਟੀ ਦੌਰਾਨ ਕੁਝ ਅਜਿਹਾ ਜਿਸ ਨੂੰ ਨਸ਼ਰ ਕਰਨ ਨਾਲ ਫ਼ੌਜ ਦੀ ਸੁਰੱਖਿਆ ਜਾਂ ਫਿਰ ਕਿਸੇ ਹੋਰ ਚੀਜ਼ ਨੂੰ ਲੈ ਕੇ ਸਵਾਲ ਉੱਠ ਦੇ ਹੋਣ ? ਪਰ ਪਰਿਵਾਰ ਨੂੰ ਤਾਂ ਪੂਰਾ ਅਧਿਕਾਰ ਹੈ ਕਿ ਇਨ੍ਹੀਂ ਛੋਟੀ ਉਮਰ ਵਿੱਚ ਦੇਸ਼ ਲਈ ਕੁਰਬਾਨ ਹੋਣ ਵਾਲੇ ਵਰਿੰਦਰ ਸਿੰਘ ਦੀ ਮੌਤ ਕਿਵੇਂ ਹੋਈ।