ਬਿਉਰੋ ਰਿਪੋਰਟ : ਤਰਨਤਾਰਨ ਦੇ SSP ਗੁਰਮੀਤ ਚੌਹਾਨ ਨੂੰ ਖਡੂਰ ਸਾਹਿਬ ਤੋਂ AAP ਵਿਧਾਇਕ ਮਨਜਿੰਦਰ ਲਾਲਪੁਰਾ ਦੇ ਨਾਲ ਪੰਗਾ ਲੈਣਾ ਮਹਿੰਗਾ ਪੈ ਗਿਆ । ਵਿਧਾਇਕ ਦੀ ਸੋਸ਼ਲ ਮੀਡੀਆ ‘ਤੇ SSP ਨੂੰ ਦਿੱਤੀ ਖੁੱਲੇਆਮ ਚਿਤਾਵਨੀ ਤੋਂ ਬਾਅਦ ਸਰਕਾਰ ਨੇ ਗੁਰਮੀਤ ਚੌਹਾਨ ਨੂੰ ਹਟਾ ਦਿੱਤਾ ਹੈ । ਉਨ੍ਹਾਂ ਦੀ ਥਾਂ ਅਸ਼ਵਨੀ ਕਪੂਰ ਨੂੰ ਤਰਨਤਾਰਨ ਦਾ ਨਵਾਂ SSP ਲਗਾਇਆ ਹੈ । ਫਿਲਹਾਲ ਗੁਰਮੀਤ ਚੌਹਾਨ ਨੂੰ ਨਵੀਂ ਪੋਸਟਿੰਗ ਨਹੀਂ ਦਿੱਤੀ ਗਈ ਹੈ।
SSP ਤੋਂ ਪਰੇਸ਼ਾਨ ਹੋਕੇ ਵਿਧਾਇਕ ਨੇ ਲਿਖਿਆ ਸੀ ਸੋਸ਼ਲ ਮੀਡੀਆ ਪੋਸਟ
ਵਿਧਾਇਕ ਮਨਜਿੰਦਰ ਲਾਲਪੁਰਾ ਨੇ ਸੋਸ਼ਲ ਮੀਡੀਆ ਤੇ ਲਿਖਿਆ ਸੀ “SSP ਮੈਂ ਤਾਂ ਕਿਹਾ ਸੀ ਕਿ ਤੂੰ ਬੱਸ ਚੋਰਾਂ ਨਾਲ ਰਲਿਆ ਹੋਇਆ ਹੈ,ਪਰ ਹੁਣ ਪਤਾ ਚਲਿਆ ਹੈ ਕਿ ਤੂੰ ਕਾਇਰ ਵੀ ਹੈ। ਬਾਕੀ ਰਾਤ ਤੂੰ ਜੋ ਪੁਲਿਸ ਵਾਲੇ ਫੀਲੇ ਭੇਜੇ ਸੀ ਉਨ੍ਹਾਂ ਜੋ ਮੇਰੇ ਰਿਸ਼ਤੇਦਾਰਾਂ ਨਾਲ ਕੀਤਾ ਹੈ ਉਸ ਦੇ ਜਵਾਬ ਦੀ ਉਡੀਕ ਕਰੋ। ਬਾਕੀ ਜੋ ਤੂੰ ਸੀ.ਆਈ.ਏ ਵਾਲਿਆਂ ਕੋਲੋਂ ਸੁਨੇਹਾ ਭੇਜਿਆ ਕਿ ਜੇ ਗੈਂਗਸਟਰ ਕਾਰਵਾਈ ਕਰਨ ਤਾਂ MLA ਦੇ ਕਈ ਪਰਿਵਾਰ ਤਬਾਅ ਹੋ ਜਾਂਦੇ,ਮੈਨੂੰ ਸਵਿਕਾਰ ਹੈ,ਮੈਂ ਆਪਣੀ ਪੁਲਿਸ ਸਕਿਓਰਿਟੀ ਤੈਨੂੰ ਵਾਪਸ ਭੇਜ ਰਿਹਾ ਹਾਂ। ਤੇਰੇ ਕੋਲ ਖੁੱਲਾ ਸਮਾਂ ਹੈ ਜੋ ਮੈਨੂੰ ਕਰਵਾਉਣਾ ਕਰਵਾ ਲੈ,ਬਾਕੀ ਪਰਿਵਾਰ ਸਾਰਿਆਂ ਦੇ ਬਰਾਬਰ ਹਨ । ਰਾਤ ਤੇਰਾ ਸੀ.ਆਈ.ਏ ਵਾਲਾ ਰਜਿਆ ਕਹਿੰਦਾ ਰਿਹਾ ਕਿ ਮੈਂ 25 ਲੱਖ ਮਹੀਨਾ SSP ਨੂੰ ਦਿੰਦਾ ਹਾਂ। ਤਾਂ ਹੀ ਮੈਂ ਕਿਹਾ ਐਡਾ ਵੱਡਾ ਨਸ਼ੇੜੀ ਤੂੰ CIA ਦੀ ਕੁਰਸੀ ‘ਤੇ ਕਿਉ ਰੱਖਿਆ ਹੈ। ਬਾਕੀ ਤੁਸੀਂ ਜੋ ਕੁੱਟ-ਕੁੱਟ ਕੇ ਕਹਿੰਦੇ ਰਹੇ ਕੀ MLA ਦਾ ਨਾਂ ਲੈ,ਤੁਹਾਡੀ ਉਹ ਕਰਤੂਤ ਵੀ ਮੇਰੇ ਕੋਲ ਹੈ । ਤੇਰੇ ਵੱਲੋਂ ਮੇਰੇ ਰਿਸ਼ਤੇਦਾਰਾਂ ‘ਤੇ ਕੀਤੇ ਗਏ ਝੂਠੇ ਪਰਚਿਆਂ ਦਾ ਮੈਂ ਸੁਆਗਤ ਕਰਦਾ ਹਾਂ। ਉਹ ਬੁਜਦਿਲ ਹੁੰਦੇ ਹਨ ਜੋ ਆਪਣੀ ਦੁਸ਼ਮਣੀ ਕਿਸੇ ਹੋਰ ਨਾਲ ਕੱਢ ਦੇ ਹਨ । ਤੂੰ ਆਪਣੀ ਕੁਰਸੀ ਪਾਸੇ ਰੱਖ ਮੈਂ ਆਪਣੀ MLA ਦੀ ਕੁਰਸੀ ਫਿਰ ਵੇਖ ਦੇ ਹਾਂ। ਬਾਕੀ ਮੈਂ ਅੱਜ ਵੀ ਕਹਿੰਦਾ ਹਾਂ ਕਿ ਤਰਨਤਾਰਨ ਪੁਲਿਸ ਵਿੱਚ ਬਿਨਾਂ ਪੈਸਿਆਂ ਤੋਂ ਕੋਈ ਕੰਮ ਨਹੀਂ ਹੁੰਦਾ ਹੈ। ਪਰ ਅਸੀ ਕਰਵਾਉਣਾ ਹੈ।”
SSP ਗੁਰਮੀਤ ਸਿੰਘ ਚੌਹਾਨ ਨੇ ਕਿਹਾ ਸੀ ਕਿ ਵਿਧਾਇਕ ਵੱਲੋਂ ਮੇਰੇ ਖਿਲਾਫ ਜਿਹੜੇ ਵੀ ਇਲਜ਼ਾਮ ਲਗਾਏ ਹਨ ਮੈਂ ਉਸ ਦਾ ਕੋਈ ਜਵਾਬ ਨਹੀਂ ਦੇ ਸਕਦਾ ਹਾਂ। ਉਨ੍ਹਾਂ ਨੇ ਕਿਹਾ ਸੀ ਕਿ ਇਸ ਬਾਰੇ ਸੀਨੀਅਰ ਹੀ ਕੁਝ ਕਹਿ ਸਕਦੇ ਹਨ। ਵਿਧਾਇਕ ਦੇ ਰਿਸ਼ਤੇਦਾਰ ਦੀ ਗ੍ਰਿਫਤਾਰੀ ‘ਤੇ SSP ਨੇ ਕਿਹਾ ਸੀ ਕਿ ਪੁਲਿਸ ਨੂੰ ਰਾਤ ਇਤਲਾਹ ਮਿਲੀ ਸੀ ਕਿ ਭੇਲ ਢਾਈਵਾਲ ਵਿੱਚ ਗੈਰ ਕਾਨੂੰਨੀ ਮਾਇਨਿੰਗ ਹੋ ਰਹੀ ਹੈ । ਜਿਸ ਵਿੱਚ ਵਿਧਾਇਕ ਗੁਰਮੀਤ ਸਿੰਘ ਦੇ ਜੀਜਾ ਨਿਸ਼ਾਨ ਸਿੰਘ ਸਮੇਤ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ 9 ਟਿੱਪਰ ਅਤੇ ਇਨੋਵਾ ਗੱਡੀ ਵੀ ਜ਼ਬਤ ਕੀਤੀ ਸੀ । ਇਸ ਤੋਂ ਇਲਾਵਾ ਮੋਟਰ ਸਾਈਕਲ ਅਤੇ ਇੱਕ ਪੁਪ ਲਾਈਨ ਮਸ਼ੀਨ ਵੀ ਕਬਜ਼ੇ ਵਿੱਚ ਲਿਆ । SSP ਨੇ ਕਿਹਾ ਸੀ ਕਿ ਇਹ ਰੂਟੀਨ ਆਪਰੇਸ਼ਨ ਸੀ । ਇਸੇ ਦੇ ਪਿੱਛੇ ਕੋਈ ਵਜ੍ਹਾ ਨਹੀਂ ਸੀ ।