ਬਿਉਰੋ ਰਿਪੋਰਟ : ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਸੋਸ਼ਲ ਮੀਡੀਆ ਚਿਤਾਵਨੀ ਤੋਂ ਬਾਅਦ ਹਟਾਏ ਗਏ ਤਰਨਤਾਰਨ ਦੇ SSP ਗੁਰਮੀਤ ਸਿੰਘ ਚੌਹਾਨ ਦੀ ਫੁੱਲਾਂ ਦੇ ਨਾਲ ਵਿਦਾਈ ਕੀਤੀ ਗਈ। ਸਿਰਫ਼ ਇਨ੍ਹਾਂ ਹੀ ਨਹੀਂ ਗੁਰਮੀਤ ਸਿੰਘ ਚੌਹਾਨ ਨੂੰ ਜਾਂਦੇ ਹੋਏ ਵੇਖ ਪੁਲਿਸ ਮੁਲਾਜ਼ਮ ਭਾਵੁਕ ਹੋ ਗਏ । ਇਹ ਵੇਖ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆਂ ਨੇ ਉਨ੍ਹਾਂ ਦੀ ਤਰੀਫ ਕਰਦੇ ਹੋਏ ਆਪ ਸਰਕਾਰ ਨੂੰ ਘੇਰਿਆ ।
2 ਦਿਨ ਪਹਿਲਾਂ ਹੀ ਮਨਜਿੰਦਰ ਸਿੰਘ ਲਾਲਪੁਰਾ ਨੇ ਪੋਸਟ ਪਾਕੇ ਤਰਨਤਾਰਨ ਦੇ SSP ਗੁਰਮੀਤ ਸਿੰਘ ਚੌਹਾਨ ‘ਤੇ ਇਲਜ਼ਾਮ ਲਗਾਇਆ ਸੀ । ਜਿਸ ਦੇ ਬਾਅਦ ਉਨ੍ਹਾਂ ਨੂੰ ਅਗਲੀ ਪੋਸਟਿੰਗ ਨਾ ਦਿੰਦੇ ਹੋਏ ਅਹੁਦੇ ਤੋਂ ਹਟਾ ਦਿੱਤਾ ਸੀ। ਪਰ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਵਿਦਾਈ ਦਾ ਮਨਜ਼ਰ ਵੇਖ ਕੇ ਸਾਰੇ ਹੈਰਾਨ ਸਨ । ਤਰਨਤਾਰਨ ਦੇ SSP ਦਫਤਰ ਤੋਂ ਉਹ ਓਪਨ ਜੀਪ ‘ਤੇ ਨਿਕਲੇ,ਇਨ੍ਹਾਂ ਹੀ ਨਹੀਂ ਪੂਰੇ ਜ਼ਿਲ੍ਹੇ ਦੇ ਅਧਿਕਾਰੀ ਉਨ੍ਹਾਂ ਦੀ ਵਿਦਾਈ ਵਿੱਚ ਮੌਜੂਦ ਸਨ। ਜਿਪਸੀ ਤੋਂ ਨਿਕਲ ਦੇ ਹੀ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ । ਕਈ ਪੁਲਿਸ ਮੁਲਾਜ਼ਮ ਜੋ ਉਨ੍ਹਾਂ ਨੇ ਤਾਇਨਾਤ ਕੀਤੇ ਸਨ ਉਹ ਦੁੱਖੀ ਮਨ ਨਾਲ ਸੈਲੂਟ ਕਰ ਰਹੇ ਸਨ ।
‘ਮੈਂ ਕਦੇ ਨਹੀਂ ਵੇਖੀ ਅਜਿਹੀ ਵਿਦਾਈ’
ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ SSP ਤਰਨਤਾਰਨ ਗੁਰਮੀਤ ਸਿੰਘ ਚੌਹਾਨ ਦੀ ਤਾਰੀਫ ਕੀਤਾ। ਮਜੀਠੀਆ ਨੇ ਕਿਹਾ ਅਜਿਹੀ ਵਿਦਾਈ ਉਨ੍ਹਾਂ ਨੇ ਅੱਜ ਤੱਕ ਨਹੀਂ ਵੇਖੀ,ਫੁੱਲਾਂ ਦੇ ਨਾਲ ਇੱਕ ਅਧਿਕਾਰੀ ਨੂੰ ਵਿਦਾ ਕੀਤਾ ਗਿਆ । ਪੁਲਿਸ ਵਾਲੇ ਉਸ ਅਧਿਕਾਰੀ ਨੂੰ ਸਲੂਟ ਕਰ ਰਹੇ ਸਨ । ਜਿਸ ਨੂੰ ਭਗਵੰਤ ਮਾਨ ਨੇ ਹਟਾਇਆ ਸੀ । ਬਹੁਤ ਇਮਾਨਦਾਰ, ਲੰਡਾ ਅਤੇ ਰਿੰਦਾ ਵਰਗੇ ਗਿਰੋਹ ਦਾ ਖੁਲਾਸਾ ਕਰਨ ਵਾਲੇ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੂੰ ਸਿਰਫ ਇਸ ਲਈ ਹਟਾਇਆ ਗਿਆ ਹੈ ਕਿਉਂਕਿ ਉਨ੍ਹਾਂ ਨੇ ਗੈਰ ਕਾਨੂੰਨੀ ਮਾਇਨਿੰਗ ਦੇ ਖਿਲਾਫ ਐਕਸ਼ਨ ਲਿਆ ਸੀ । ਉਨ੍ਹਾਂ ਦੇ ਜਾਣ ਤੋਂ ਬਾਅਦ ਮਾਇਨਿੰਗ ਮਾਫੀਆਂ ਮਜ਼ਬੂਤ ਹੋਵੇਗਾ ।
SSP ਖਿਲਾਫ ਵਿਧਾਇਕ ਨੇ ਲਿਖਿਆ ਸੀ ਇਹ ਪੋਸਟ
ਵਿਧਾਇਕ ਮਨਜਿੰਦਰ ਲਾਲਪੁਰਾ ਨੇ ਸੋਸ਼ਲ ਮੀਡੀਆ ਤੇ ਲਿਖਿਆ ਸੀ “SSP ਮੈਂ ਤਾਂ ਕਿਹਾ ਸੀ ਕਿ ਤੂੰ ਬੱਸ ਚੋਰਾਂ ਨਾਲ ਰਲਿਆ ਹੋਇਆ ਹੈ,ਪਰ ਹੁਣ ਪਤਾ ਚਲਿਆ ਹੈ ਕਿ ਤੂੰ ਕਾਇਰ ਵੀ ਹੈ। ਬਾਕੀ ਰਾਤ ਤੂੰ ਜੋ ਪੁਲਿਸ ਵਾਲੇ ਫੀਲੇ ਭੇਜੇ ਸੀ ਉਨ੍ਹਾਂ ਜੋ ਮੇਰੇ ਰਿਸ਼ਤੇਦਾਰਾਂ ਨਾਲ ਕੀਤਾ ਹੈ ਉਸ ਦੇ ਜਵਾਬ ਦੀ ਉਡੀਕ ਕਰੋ। ਬਾਕੀ ਜੋ ਤੂੰ ਸੀ.ਆਈ.ਏ ਵਾਲਿਆਂ ਕੋਲੋਂ ਸੁਨੇਹਾ ਭੇਜਿਆ ਕਿ ਜੇ ਗੈਂਗਸਟਰ ਕਾਰਵਾਈ ਕਰਨ ਤਾਂ MLA ਦੇ ਕਈ ਪਰਿਵਾਰ ਤਬਾਅ ਹੋ ਜਾਂਦੇ,ਮੈਨੂੰ ਸਵਿਕਾਰ ਹੈ,ਮੈਂ ਆਪਣੀ ਪੁਲਿਸ ਸਕਿਓਰਿਟੀ ਤੈਨੂੰ ਵਾਪਸ ਭੇਜ ਰਿਹਾ ਹਾਂ। ਤੇਰੇ ਕੋਲ ਖੁੱਲਾ ਸਮਾਂ ਹੈ ਜੋ ਮੈਨੂੰ ਕਰਵਾਉਣਾ ਕਰਵਾ ਲੈ,ਬਾਕੀ ਪਰਿਵਾਰ ਸਾਰਿਆਂ ਦੇ ਬਰਾਬਰ ਹਨ । ਰਾਤ ਤੇਰਾ ਸੀ.ਆਈ.ਏ ਵਾਲਾ ਰਜਿਆ ਕਹਿੰਦਾ ਰਿਹਾ ਕਿ ਮੈਂ 25 ਲੱਖ ਮਹੀਨਾ SSP ਨੂੰ ਦਿੰਦਾ ਹਾਂ। ਤਾਂ ਹੀ ਮੈਂ ਕਿਹਾ ਐਡਾ ਵੱਡਾ ਨਸ਼ੇੜੀ ਤੂੰ CIA ਦੀ ਕੁਰਸੀ ‘ਤੇ ਕਿਉ ਰੱਖਿਆ ਹੈ। ਬਾਕੀ ਤੁਸੀਂ ਜੋ ਕੁੱਟ-ਕੁੱਟ ਕੇ ਕਹਿੰਦੇ ਰਹੇ ਕੀ MLA ਦਾ ਨਾਂ ਲੈ,ਤੁਹਾਡੀ ਉਹ ਕਰਤੂਤ ਵੀ ਮੇਰੇ ਕੋਲ ਹੈ । ਤੇਰੇ ਵੱਲੋਂ ਮੇਰੇ ਰਿਸ਼ਤੇਦਾਰਾਂ ‘ਤੇ ਕੀਤੇ ਗਏ ਝੂਠੇ ਪਰਚਿਆਂ ਦਾ ਮੈਂ ਸੁਆਗਤ ਕਰਦਾ ਹਾਂ। ਉਹ ਬੁਜਦਿਲ ਹੁੰਦੇ ਹਨ ਜੋ ਆਪਣੀ ਦੁਸ਼ਮਣੀ ਕਿਸੇ ਹੋਰ ਨਾਲ ਕੱਢ ਦੇ ਹਨ । ਤੂੰ ਆਪਣੀ ਕੁਰਸੀ ਪਾਸੇ ਰੱਖ ਮੈਂ ਆਪਣੀ MLA ਦੀ ਕੁਰਸੀ ਫਿਰ ਵੇਖ ਦੇ ਹਾਂ। ਬਾਕੀ ਮੈਂ ਅੱਜ ਵੀ ਕਹਿੰਦਾ ਹਾਂ ਕਿ ਤਰਨਤਾਰਨ ਪੁਲਿਸ ਵਿੱਚ ਬਿਨਾਂ ਪੈਸਿਆਂ ਤੋਂ ਕੋਈ ਕੰਮ ਨਹੀਂ ਹੁੰਦਾ ਹੈ। ਪਰ ਅਸੀ ਕਰਵਾਉਣਾ ਹੈ।”
ਵਿਧਾਇਕ ਦੇ ਇਲਜ਼ਾਮਾਂ ‘ਤੇ SSP ਦਾ ਜਵਾਬ
SSP ਗੁਰਮੀਤ ਸਿੰਘ ਚੌਹਾਨ ਨੇ ਕਿਹਾ ਸੀ ਕਿ ਵਿਧਾਇਕ ਵੱਲੋਂ ਮੇਰੇ ਖਿਲਾਫ ਜਿਹੜੇ ਵੀ ਇਲਜ਼ਾਮ ਲਗਾਏ ਹਨ ਮੈਂ ਉਸ ਦਾ ਕੋਈ ਜਵਾਬ ਨਹੀਂ ਦੇ ਸਕਦਾ ਹਾਂ। ਉਨ੍ਹਾਂ ਨੇ ਕਿਹਾ ਸੀ ਕਿ ਇਸ ਬਾਰੇ ਸੀਨੀਅਰ ਹੀ ਕੁਝ ਕਹਿ ਸਕਦੇ ਹਨ। ਵਿਧਾਇਕ ਦੇ ਰਿਸ਼ਤੇਦਾਰ ਦੀ ਗ੍ਰਿਫਤਾਰੀ ‘ਤੇ SSP ਨੇ ਕਿਹਾ ਸੀ ਕਿ ਪੁਲਿਸ ਨੂੰ ਰਾਤ ਇਤਲਾਹ ਮਿਲੀ ਸੀ ਕਿ ਭੇਲ ਢਾਈਵਾਲ ਵਿੱਚ ਗੈਰ ਕਾਨੂੰਨੀ ਮਾਇਨਿੰਗ ਹੋ ਰਹੀ ਹੈ । ਜਿਸ ਵਿੱਚ ਵਿਧਾਇਕ ਗੁਰਮੀਤ ਸਿੰਘ ਦੇ ਜੀਜਾ ਨਿਸ਼ਾਨ ਸਿੰਘ ਸਮੇਤ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ 9 ਟਿੱਪਰ ਅਤੇ ਇਨੋਵਾ ਗੱਡੀ ਵੀ ਜ਼ਬਤ ਕੀਤੀ ਸੀ । ਇਸ ਤੋਂ ਇਲਾਵਾ ਮੋਟਰ ਸਾਈਕਲ ਅਤੇ ਇੱਕ ਪੁਪ ਲਾਈਨ ਮਸ਼ੀਨ ਵੀ ਕਬਜ਼ੇ ਵਿੱਚ ਲਿਆ । SSP ਨੇ ਕਿਹਾ ਸੀ ਕਿ ਇਹ ਰੂਟੀਨ ਆਪਰੇਸ਼ਨ ਸੀ । ਇਸੇ ਦੇ ਪਿੱਛੇ ਕੋਈ ਵਜ੍ਹਾ ਨਹੀਂ ਸੀ ।