Punjab

ਗ੍ਰੰਥੀ ਸਿੰਘ ਨਾਲ ਅਣ- ਮਨੁੱਖੀ ਵਤੀਰਾ ! ਡਿਊਟੀ ਕਰਕੇ ਪਰਤ ਰਿਹਾ ਸੀ ਘਰ ! ਪੁਲਿਸ ਇਸ ਐਂਗਲ ਨਾਲ ਕਰ ਰਹੀ ਹੈ ਜਾਂਚ

ਬਿਊਰੋ ਰਿਪੋਰਟ : ਤਰਨਤਾਰਨ ਵਿੱਚ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ । ਇੱਕ ਗ੍ਰੰਥੀ ‘ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਰਸਤੇ ਵਿੱਚ ਹਮਲਾ ਕੀਤਾ,ਹਮਲਾਵਰਾਂ ਨੇ ਗ੍ਰੰਥੀ ਦੀ ਲੱਤ ਵੱਢ ਕੇ ਨਾਲ ਲੈ ਗਏ,ਸਿਰਫ਼ ਇੰਨਾਂ ਹੀ ਨਹੀਂ ਗ੍ਰੰਥੀ ਦੀਆਂ ਉਂਗਲਾਂ ਵੀ ਬਦਮਾਸ਼ਾਂ ਨੇ ਕੱਟ ਦਿੱਤੀਆਂ । ਹਮਲਾਵਰ ਕੌਣ ਸਨ ? ਕੀ ਸੀ ਮਕਸਦ ? ਗ੍ਰੰਥੀ ਸੁਖਚੈਨ ਸਿੰਘ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ? ਕੋਈ ਪੁਰਾਣੀ ਦੁਸ਼ਮਣੀ ਸੀ ? ਇਸ ਬਾਰੇ ਹੁਣ ਤੱਕ ਕੁਝ ਵੀ ਨਹੀਂ ਪਤਾ ਚੱਲਿਆ ਹੈ। ਪਰਿਵਾਰ ਮੁਤਾਬਿਕ ਰੋਜ਼ਾਨਾਂ ਵਾਂਗ ਉਹ ਆਪਣੀ ਡਿਊਟੀ ਕਰਕੇ ਰਾਤ 8 ਵਜੇ ਘਰ ਪਰਤ ਰਹੇ ਸਨ,ਰਸਤੇ ਵਿੱਚ ਹੀ ਉਨ੍ਹਾਂ ‘ਤੇ ਹਮਲਾ ਹੋ ਗਿਆ । ਕੁਝ ਲੋਕਾਂ ਨੇ ਉਨ੍ਹਾਂ ਨੂੰ ਜਖ਼ਮੀ ਹਾਲਤ ਵਿੱਚ ਵੇਖਿਆ ਤਾਂ ਹਸਪਤਾਲ ਦਾਖਲ ਕਰਵਾਇਆ ਅਤੇ ਪਰਿਵਾਰ ਨੂੰ ਇਤਹਾਲ ਦਿੱਤੀ । ਗ੍ਰੰਥੀ ਸੁਖਚੈਨ ਸਿੰਘ ਗੁਰਦੁਆਾਰਾ ਬਾਣੀਆਂ ਸਾਹਿਬ ਵਿੱਚ ਪਾਠੀ ਸਿੰਘ ਦੀ ਡਿਊਟੀ ਕਰਦੇ ਸਨ । ਇਸ ਵਕਤ ਉਨ੍ਹਾਂ ਦਾ ਇਲਾਜ ਅੰਮ੍ਰਿਤਪਾਲ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਚੱਲ ਰਿਹਾ ਹੈ । ਪੁਲਿਸ ਮੁਤਾਬਿਕ ਸੁਖਚੈਨ ਸਿੰਘ ਦਾ ਆਪਰੇਸ਼ਨ ਹੋ ਰਿਹਾ ਹੈ,ਬੇਹੋਸ਼ ਹੋਣ ਦੀ ਵਜ੍ਹਾ ਕਰਕੇ ਪੁਲਿਸ ਨੇ ਉਨ੍ਹਾਂ ਦਾ ਬਿਆਨ ਹਾਲਾ ਦਰਜ ਨਹੀਂ ਕੀਤਾ ਹੈ ।

ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ

ਤਰਨਤਾਰਨ ਦੇ SHO ਰਜਿੰਦਰ ਸਿੰਘ ਮੁਤਾਬਿਕ ਜਿਸ ਥਾਂ ‘ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉੱਥੇ ਸੀਸੀਟੀਵੀ ਨਹੀਂ ਲੱਗੇ ਸਨ। ਪੁਲਿਸ ਆਲੇ-ਦੁਆਲੇ ਦੇ ਸੀਸੀਟੀਵੀ ਖੰਗਾਲਨ ਵਿੱਚ ਲੱਗੀ ਹੈ ਤਾਂਕਿ ਇਹ ਪਤਾ ਲਗਾਇਆ ਜਾ ਸਕੇ ਕਿ ਗ੍ਰੰਥੀ ਸੁਖਚੈਨ ਸਿੰਘ ਦਾ ਪਿੱਛਾ ਕੌਣ ਲੋਕ ਕਰ ਰਹੇ ਸਨ। ਉਨ੍ਹਾਂ ਦੀ ਪਛਾਣ ਕੀਤੀ ਜਾਵੇ। ਪੁਲਿਸ ਦੀ ਇੱਕ ਟੀਮ ਵਾਰਦਾਤ ਵਾਲੀ ਥਾਂ ‘ਤੇ ਪਹੁੰਚੀ ਹੋਈ ਹੈ ਅਤੇ ਸਬੂਤ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੂੰ ਗ੍ਰੰਥੀ ਸੁਖਚੈਨ ਦੇ ਹੋਸ਼ ਵਿੱਚ ਆਉਣ ਦਾ ਇੰਤਜ਼ਾਰ ਹੈ ਸ਼ਾਇਦ ਕੋਈ ਅਜਿਹੀ ਜਾਣਕਾਰੀ ਪੁਲਿਸ ਦੇ ਹੱਥ ਲੱਗ ਜਾਵੇ ਜਿਸ ਦੇ ਜ਼ਰੀਏ ਮੁਲਜ਼ਮਾਂ ਤੱਕ ਪਹੁੰਚਿਆ ਜਾ ਸਕੇ । ਫਿਲਹਾਲ ਜਿਸ ਤਰ੍ਹਾਂ ਨਾਲ ਮੁਲਜ਼ਮਾਂ ਨੇ ਗ੍ਰੰਥੀ ਸੁਖਚੈਨ ਨੂੰ ਨਿਸ਼ਾਨਾ ਬਣਾਇਆ ਹੈ ਉਸ ਤੋਂ ਇਹ ਪੁਰਾਣੀ ਦੁਸ਼ਮਣੀ ਦਾ ਮਾਮਲਾ ਲੱਗ ਦਾ ਹੈ । ਕਿਉਂਕਿ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਨਾਲ ਹਮਲਾਵਰ ਆਪਣੇ ਨਾਲ ਲੱਤ ਅਤੇ ਉਂਗਲਾਂ ਵੱਢ ਕੇ ਲੈ ਗਏ ਹਨ ਉਹ ਇਸੇ ਦੁਸ਼ਮਣੀ ਵੱਲ ਇਸ਼ਾਰਾ ਕਰ ਰਿਹਾ ਹੈ । ਪੁਲਿਸ ਪਰਿਵਾਰ ਤੋਂ ਪੁਰਾਣੀ ਰੰਜਿਸ਼ ਨੂੰ ਲੈਕੇ ਪੁੱਛ-ਗਿੱਛ ਕਰ ਰਹੀ ਹੈ ਸ਼ਾਇਦ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਆਸਾਨੀ ਹੋ ਸਕੇ । ਇਸ ਤੋਂ ਪਹਿਲਾਂ ਮੁਹਾਲੀ ਵਿੱਚ ਅਜਿਹੀ ਵਾਰਦਾਤ ਸਾਹਮਣੇ ਆਈ ਸੀ ।

ਮੁਹਾਲੀ ਵਿੱਚ ਗੁੱਟ ਵੱਢਿਆ ਸੀ

ਮੁਹਾਲੀ ਵਿੱਚ ਵੀ ਪਿਛਲੇ ਮਹੀਨੇ ਅਜਿਹੀ ਹੀ ਵਾਰਦਾਤ ਸਾਹਮਣੇ ਆਈ ਸੀ,ਕੁਝ ਬਦਮਾਸ਼ਾਂ ਨੇ ਨੌਜਵਾਨ ਦਾ ਗੁੱਟ ਵੱਢ ਦਿੱਤਾ ਸੀ ਅਤੇ ਆਪਣੇ ਨਾਲ ਲੈ ਗਏ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ । ਗੁੱਟ ਵੱਢਣ ਵਾਲੇ ਮੁਲਜ਼ਮ ਦੇ ਭਰਾ ਦਾ ਕਤਲ ਹੋ ਗਿਆ ਸੀ,ਉਹ ਭਰਾ ਦੇ ਕਾਤਲਾਂ ਦਾ ਪਤਾ ਪੁੱਛ ਰਹੇ ਸਨ ਜਦੋਂ ਪੀੜਤ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਤਾਂ ਮੁਲਜ਼ਮਾਂ ਨੇ ਉਸ ਦਾ ਗੁੱਟ ਵੱਢ ਦਿੱਤਾ ਸੀ । PGI ਚੰਡੀਗੜ੍ਹ ਵਿੱਚ ਪੀੜਤ ਦਾ ਗੁੱਟ ਜੋੜਨ ਦੀ ਡਾਕਟਰਾਂ ਨੇ ਕੋਸ਼ਿਸ਼ ਵੀ ਕੀਤੀ ਸੀ ।