Punjab

ਇਸ ਸੀਰੀਅਲ ‘ਚ ਸਿੱਖ ਦੇ ਗਲ ਟਾਇਰ ਪਾਉਣ ‘ਤੇ ਭੜਕੀਆਂ ਸਿੱਖ ਜਥੇਬੰਦੀਆਂ !

ਬਿਉਰੋ ਰਿਪੋਰਟ : ਮਸ਼ਹੂਰ ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਸਿੱਖ ਕਿਰਦਾਰ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਉਸ ਨੇ 1984 ਨਸਲਕੁਸ਼ੀ ਦੀਆਂ ਭਿਆਨਕ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ। ਸੀਰੀਅਰ ਵਿੱਚ ਇੱਕ ਸਿੱਖ ਦੇ ਕਿਰਦਾਰ ਵਿੱਚ ਸ਼ਖਸ ਦੇ ਗਲ ਵਿੱਚ ਟਾਇਰ ਪਾਇਆ ਗਿਆ । ਉਹ ਵੀ ਉਸ ਦਾ ਮਜ਼ਾਕ ਉਡਾਉਣ ਦੇ ਲਈ । ਸੀਰੀਅਰ ਦੇ ਇਸ ਸੀਨ ਨੂੰ ਲੈਕੇ ਸਿੱਖ ਜਥੇਬੰਦੀਆਂ ਨੇ ਕਰੜਾ ਇਤਰਾਜ਼ ਜ਼ਾਹਿਰ ਕੀਤਾ ਹੈ । ਸਿੱਖ ਭਾਈਚਾਰੇ ਦਾ ਇਲਜ਼ਾਮ ਹੈ ਕਿ ਸਿੱਖ ਸ਼ਖਸ ਦੇ ਗਲ ਵਿੱਚ ਟਾਇਰ ਪਾਉਣ ਦਾ ਸੀਨ ਫਿਲਮਾ ਕੇ ਸਿੱਖਾਂ ਨੂੰ 1984 ਦੀ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਭਾਵੇ ਕਾਮੈਡੀ ਪ੍ਰੋਗਰਾਮ ਹੈ ਪਰ ਪਿਛਲੇ ਡੇਢ ਸਾਲ ਵਿੱਚ ਇਸ ਨੂੰ ਲੈਕੇ ਜਿਹੜੇ ਵਿਵਾਦ ਹੋਏ ਹਨ ਉਹ ਕਿਸੇ ਤੋਂ ਲੁੱਕੇ ਨਹੀਂ ਹੈ । ਪ੍ਰੋਗਰਾਮ ਦੇ ਪ੍ਰੋਡੂਸਰ ਅਸ਼ੀਤ ਮੋਦੀ ਦੇ ਖਿਲਾਫ ਕਈ ਮਹਿਲਾ ਕਲਾਕਾਰਾਂ ਨੇ ਸਰੀਰਕ ਸੋਸ਼ਣ ਤੱਕ ਦੇ ਗੰਭੀਰ ਇਲਜ਼ਾਮ ਲਗਾਏ ਹਨ,ਕਈਆਂ ਨੇ ਪੇਮੈਂਟ ਵਿੱਚ ਧੋਖਾਧੜੀ ਦੇ ਇਲਜ਼ਾਮ ਲਗਾਉਂਦੇ ਹੋਏ ਸੀਰੀਅਲ ਨੂੰ ਛੱਡ ਦਿੱਤਾ ਹੈ ।

ਉਧਰ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਸਿੱਖ ਦੇ ਗਲ ਵਿੱਚ ਟਾਇਰ ਪਾਇਆ ਗਿਆ ਹੈ ਇਹ ਸਬ ਕੁਝ ਜਾਣਬੁੱਝ ਕੇ ਸਾਜਿਸ ਦੇ ਤਹਿਤ ਕੀਤਾ ਗਿਆ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸੋਸ਼ਲ ਮੀਡੀਆ ‘ਤੇ ਇਸ ਸੀਰੀਅਲ ਦੇ ਬਾਇਕਾਟ ਕਰਨ ਦੀ ਅਪੀਲ ਕੀਤੀ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਸਿੱਖਾਂ ਦੇ ਵਿਰੋਧੀ ਸਾਜਿਸ਼ ਦੇ ਤਹਿਤ ਅਜਿਹੀ ਹਰਕਤ ਕਰ ਰਹੇ ਹਨ, ਪਰ ਉਨ੍ਹਾਂ ਨੂੰ ਬਖਸਿਆ ਨਹੀਂ ਜਾਵੇਗਾ ।

ਸਿੱਖ ਜਥੇਬੰਦੀਆਂ ਨੇ ਸੀਰੀਅਲ ਦੇ ਬਾਇਕਾਟ ਨੂੰ ਲੈਕੇ ਸੋਸ਼ਲ ਮੀਡੀਆ ‘ਤੇ ਬਾਇਕਾਟ TMKOC# ਵੀ ਚਲਾਇਆ ਹੈ। ਜਿਸ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਕੀਤਾ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਡਾਇਰੈਕਟਰ ਅਤੇ ਪ੍ਰੋਡੂਸਰ ਨੇ ਸਿੱਖ ਦੇ ਗਲ ਵਿੱਚ ਟਾਇਰ ਪਾਕੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ । ਉਨ੍ਹਾਂ ਨੇ ਕਿਹਾ ਅਸੀਂ ਪਹਿਲਾਂ ਹੀ 1984 ਦੇ ਨਸਲਕੁਸ਼ੀ ਦੇ ਜਖ਼ਮ ਨਹੀਂ ਭੁੱਲ ਸਕੇ ਸੀ । ਅਸੀਂ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। ਇਸ ਤੋਂ ਪਹਿਲਾਂ ਵੀ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਕਈ ਵਾਰ ਸੋਸ਼ਲ ਮੀਡੀਆ ‘ਤੇ Boycott ਕਰਨ ਨੂੰ ਲੈਕੇ ਟਰੈਂਡ ਕਰ ਚੁੱਕਾ ਹੈ ।

SGPC ਦਾ ਬਿਆਨ

ਉਧਰ ‘ਦ ਖਾਲਸ ਟੀਵੀ ਨੇ ਜਦੋਂ SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਵੀ ਸ਼ਿਕਾਇਤ ਮਿਲੀ ਹੈ,ਅਸੀਂ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਕਾਰਵਾਈ ਕਰਾਂਗੇ ।