International Punjab

ਪਟਿਆਲਾ ਦੀ ਤਾਨੀਆ ਨੂੰ ਟਰੂਡੋ ਦੀ ਪਾਰਟੀ ਵੱਲੋਂ ਮਿਲੀ ਟਿਕਟ

ਪਟਿਆਲਾ ਦੀ ਤਾਨੀਆ ਸੋਢੀ ਨੂੰ ਕੈਨੇਡਾ ਵਿਚ ਟਰੂਡੋ ਦੀ ਪਾਰਟੀ ਵੱਲੋਂ ਟਿਕਟ ਮਿਲੀ ਹੈ। ਤਾਨੀਆ ਨੂੰ ਕੈਨੇਡਾ ਵਿਖੇ ਹੋਣ ਵਾਲੀਆਂ ਚੋਣਾਂ ਵਿਚ ਜਸਟਿਨ ਟਰੂਡੋ ਦੀ ਪਾਰਟੀ ਵੱਲੋਂ  ਉਮੀਦਵਾਰ ਬਣਾਇਆ ਗਿਆ ਹੈ। ਤਾਨੀਆ ਸੋਢੀ ਚਾਰ ਸਾਲ ਪਹਿਲਾਂ ਹੀ ਕੈਨੇਡਾ ਦੀ ਧਰਤੀ ’ਤੇ ਗਈ ਸੀ ਤੇ ਅੱਜ ਉਸ ਨੂੰ ਇਹ ਪ੍ਰਾਪਤੀ ਮਿਲੀ ਹੈ।

ਜਾਣਕਾਰੀ ਅਨੁਸਾਰ ਤਾਨੀਆ ਸੋਢੀ ਨੂੰ ਕੈਨੇਡਾ ਦੇ ਮੋਨਕਟਾਨ ਉੱਤਰ ਪੱਛਮੀ ਵਿਧਾਨ ਸਭਾ ਸੀਟ ਤੋਂ ਟਰੂਡੋ ਦੀ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ। ਤਾਨੀਆ ਸੋਢੀ ਦੇ ਪਿਤਾ ਜਗਦੀਪ ਸਿੰਘ ਸੋਢੀ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਜਗਦੀਪ ਸੋਢੀ ਨੇ ਦੱਸਿਆ ਕਿ ਉਨ੍ਹਾ ਦੀ ਬੇਟੀ ਨੂੰ ਕੈਨੇਡਾ ਗਈ ਨੂੰ ਹਾਲੇ ਸਿਰਫ 4 ਸਾਲ ਹੀ ਹੋਏ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਰਾਜਨੀਤੀ ਵਿਚ ਇਹ ਵਿਵਸਥਾ ਹੈ ਕਿ ਪਾਰਟੀ ਉਮੀਦਵਾਰ ਬਣਨ ਲਈ ਪਹਿਲਾਂ ਪਾਰਟੀ ਵਿਚ ਹੀ ਚੋਣ ਲੜਨੀ ਪੈਂਦੀ ਹੈ।

ਉਨ੍ਹਾਂ ਦੱਸਿਆ ਕਿ ਪਾਰਟੀ ਦੀ ਇਸ ਅੰਦਰੂਨੀ ਚੋਣ ਵਿਚ ਤਾਨੀਆ ਸੋਢੀ ਨੂੰ 157 ਵੋਟਾਂ ਮਿਲੀਆਂ ਜਦੋਂ ਕਿ ਉਸਦੀ ਵਿਰੋਧੀ ਉਮੀਦਵਾਰ ਨੂੰ ਸਿਰਫ 6 ਵੋਟਾਂ ਹੀ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਵਿਧਾਨ ਸਭਾ ਹਲਕੇ ਵਿਚ ਤਕਰੀਬਨ 11 ਹਜ਼ਾਰ ਘਰ ਹਨ ਤੇ ਤਕਰੀਬਨ 25 ਹਜ਼ਾਰ ਦੀ ਆਬਾਦੀ ਹੈ ਜਿਸ ਵਿਚੋਂ 3 ਤੋਂ 4 ਹਜ਼ਾਰ ਲੋਕ ਪੰਜਾਬੀ ਹਨ।

ਦੂਜੇ ਬੰਨੇ ਤਾਨੀਆ ਸੋਢੀ ਨੂੰ ਟਿਕਟ ਮਿਲਣ ’ਤੇ ਪਟਿਆਲਾ ਵਿਖੇ ਉਨ੍ਹਾਂ ਦੇ ਪਿਤਾ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ।