India

ਬਰਾਤੀਆਂ ਦੀ ਬੇਫਿਕਰੀ ਕਾਰਨ ‘ਹਵਾਬਾਜ਼ੀ’ ਨੇ ਟੰਗ ਦਿੱਤਾ ਆਪਣੇ ਵਿਆਹ ਦੀ ‘ਹਵਾ’ ਕਰਨ ਵਾਲਾ ਜੋੜਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਲੋਕ ਆਪਣੇ ਵਿਆਹ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਲਿਆਉਣ ਲਈ ਕੀ ਕੁੱਝ ਨਹੀਂ ਕਰਦੇ। ਤਮਿਲਨਾਡੂ ‘ਚ ਇਕ ਜੋੜੇ ਨੂੰ ਅੱਧ ਅਸਮਾਨ ਵਿਚ ਵਿਆਹ ਰਚਾਉਣਾ ਮਹਿੰਗਾ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਜੋੜੇ ਨੇ ਪੂਰਾ ਵਿਆਹ ਸਮਾਗਮ ਕਰਨ ਲਈ ਇਕ ਚਾਰਟਡ ਜ਼ਹਾਜ ਬੁੱਕ ਕੀਤਾ ਸੀ ਤੇ ਇਹ ਮਾਮਲਾ ਸ਼ਹਿਰੀ ਹਵਾਬਾਜੀ ਦੇ ਮਹਾਨਿਦੇਸ਼ਕ ਦੇ ਧਿਆਨ ਵਿੱਚ ਆ ਗਿਆ। ਵਿਭਾਗ ਨੇ ਜੋੜੇ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਕਾਰਵਾਈ ਕਰਨ ਦੀ ਗੱਲ ਕਹੀ ਹੈ।

ਜਾਣਕਾਰੀ ਅਨੁਸਾਰ ਇਸ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹੀ ਇਹ ਮਸਲਾ ਭਖਿਆ ਹੈ। ਜੋ ਤਸਵੀਰਾਂ ਵਾਇਰਲ ਹੋਈਆਂ ਹਨ, ਉਸ ਵਿਚ ਜ਼ਹਾਜ ਵਿਚ ਹੀ ਬਹੁਤ ਸਾਰੇ ਮਹਿਮਾਨ ਨਜ਼ਰ ਆ ਰਹੇ ਹਨ। ਇਨ੍ਹਾਂ ਵਿਚੋਂ ਕਿਸੇ ਨੇ ਵੀ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਨਹੀਂ ਕੀਤਾ ਹੈ ਤੇ ਨਾ ਹੀ ਇਨ੍ਹਾਂ ਮਹਿਮਾਨਾਂ ਦੇ ਮੂੰਹ ਮਾਸਕ ਨਾਲ ਢਕੇ ਹੋਏ ਹਨ।

ਮੁਦਰਈ ਦਾ ਸ਼ਹਿਰੀ ਹਵਾਬਾਜੀ ਵਿਭਾਗ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਹ ਫਲਾਇਟ ਸਪਾਇਸ ਜੈਟ ਦੀ ਦੱਸੀ ਜਾ ਰਹੀ ਹੈ, ਜਿਸਦੇ ਕਰੂ ਮੈਂਬਰਾਂ ਨੂੰ ਵੀ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਹਾਲਾਂਕਿ ਸਪਾਇਸ ਜੈਟ ਨੇ ਇਸ ‘ਤੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਕਿ ਇਸ ਵਿਆਹ ਵਿਚ ਸ਼ਾਮਿਲ ਸਾਰੇ ਮਹਿਮਾਨਾਂ ਨੂੰ ਕੋਰੋਨਾ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਸੀ। ਬਰਾਤੀਆਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਫੋਟੋਗ੍ਰਾਫੀ ਨਹੀਂ ਕਰਨੀ ਹੈ ਪਰ ਇਸਦੇ ਬਾਵਜੂਦ ਸਾਰਿਆਂ ਨੇ ਕਿਸੇ ਵੀ ਗੱਲ ਦਾ ਧਿਆਨ ਨਹੀਂ ਰੱਖਿਆ ਹੈ।


ਜ਼ਿਕਰਯੋਗ ਹੈ ਕਿ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਕਾਰਨ ਤਮਿਲਨਾਡੂ ਵਿਚ 31 ਮਈ ਤੱਕ ਤਾਲਾਬੰਦੀ ਵੀ ਕੀਤੀ ਗਈ ਹੈ। (Photo ANI Tweeted)