‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਉੱਤੇ ਕਬਜ਼ਾ ਕਰਨ ਲਈ ਲੋਕਾਂ ਦੇ ਸੀਨੇ ਗੋਲੀਆਂ ਨਾਲ ਭੁੰਨਣ ਵਾਲਾ ਤਾਲਿਬਾਨ ਹੁਣ ਲਗਾਤਾਰ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਲਈ ਹੱਥ ਪੱਲਾ ਮਾਰ ਰਿਹਾ ਹੈ।ਬੀਬੀਸੀ ਦੀ ਇਕ ਖਬਰ ਮੁਤਾਬਿਕ ਤਾਲਿਬਾਨ ਨੇ ਆਪਣੇ ਲੜਾਕੇ ਸੈਨਿਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਲੋਕਾਂ ਨਾਲ ਢੰਗ ਨਾਲ ਪੇਸ਼ ਨਾਲ, ਕਿਉਂ ਕਿ ਤਾਲਿਬਾਨ ਲੋਕਾਂ ਦਾ ਸੇਵਕ ਹੈ। ਅਮਰੀਕੀ ਫੌਜ ਦੇ ਕਾਬੁਲ ਏਅਰਪੋਰਟ ਤੋਂ ਨਿਕਲਣ ਦੇ ਬਾਅਦ ਤਾਲਿਬਾਨ ਦੇ ਲੀਡਰਾਂ ਨੇ ਫੌਜੀ ਡਰੈਸ ਪਾ ਕੇ ਆਏ ਆਪਣੇ ਲੜਾਕਿਆਂ ਨੂੰ ਆਜਾਦੀ ਦੀ ਵਧਾਈ ਵੀ ਦਿੱਤੀ ਹੈ।
ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾਹ ਮੁਜਾਹਿਦ ਨੇ ਆਪਣੇ ਸੈਨਿਕਾਂ ਨੂੰ ਕਿਹਾ ਹੈ ਕਿ ਸਾਨੂੰ ਆਪਣੀਆਂ ਕੁਰਬਾਨੀਆਂ ਉੱਤੇ ਮਾਣ ਹੈ। ਉਨ੍ਹਾਂ ਕਿਹਾ ਸਾਡੇ ਲੀਡਰਾਂ ਨੇ ਜੋ ਮੁਸ਼ਕਿਲਾਂ ਸਹਿਣ ਕੀਤੀਆਂ ਹਨ, ਉਸੇ ਕਾਰਨ ਅਸੀਂ ਅੱਜ ਇੱਥੇ ਖੜ੍ਹੇ ਹਾਂ ਤੇ ਇਹ ਸਾਡੇ ਸਬਰ ਤੇ ਇਮਾਨਦਾਰੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਹੈ ਕਿ ਅਸੀਂ ਆਪਣੇ ਦੇਸ਼ ਉੱਤੇ ਕੋਈ ਹਮਲਾ ਨਾ ਹੋਣ ਦੀ ਕਾਮਨਾ ਕਰਦੇ ਹਾਂ ਤੇ ਸੱਚੇ ਇਸਲਾਮੀ ਪ੍ਰਬੰਧ ਦੀ ਤਵੱਕੋ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਸਾਨੂੰ ਲੋਕਾਂ ਨਾਲ ਸ਼ਰਾਫਤ ਨਾਲ ਪੇਸ਼ ਆਉਣਾ ਪਵੇਗਾ।ਇਸ ਮੁਲਕ ਨੇ ਕਾਫੀ ਕੁੱਝ ਦੇਹ ਉੱਤੇ ਹੰਢਾਇਆ ਹੈ ਤੇ ਹੁਣ ਅਫਗਾਨ ਦੇ ਲੋਕ ਪਿਆਰ ਤੇ ਸੰਵੇਦਨਾਵਾਂ ਦੇ ਹੱਕਦਾਰ ਹਨ। ਅਸੀਂ ਆਪਣੇ ਆਪ ਨੂੰ ਲੋਕਾਂ ਉੱਤੇ ਮੜ੍ਹਿਆ ਨਹੀਂ ਹੈ। ਏਅਰਪੋਰਟ ਉੱਤੇ ਹੀ ਤਾਲਿਬਾਨ ਦੇ ਇੱਕ ਹੋਰ ਵੱਡੇ ਲੀਡਰ ਹਨਸ ਹੱਕਾਨੀ ਨੇ ਕਿਹਾ ਕਿ ਅਫਗਾਨਿਸਤਾਨ ਦੇ ਲੋਕ ਖੁਸ਼ ਹਨ ਤੇ ਕਈ ਲੋਕ ਅਜਿਹੇ ਵੀ ਹਨ ਜੋ ਸ਼ਾਂਤੀ ਨਹੀਂ ਚਾਹੁੰਦੇ ਸਨ।
ਹੱਕਾਨੀ ਨੇ ਕਿਹਾ ਕਿ ਮੈਂ ਇੱਕ ਡਾਕਟਰ ਨਾਲ ਗੱਲ ਕੀਤੀ ਹੈ, ਉਸਨੇ ਕਿਹਾ ਹੈ ਕਿ ਪਹਿਲਾਂ ਹਸਪਤਾਲ ਜ਼ਖਮੀਆਂ ਤੇ ਮਰੇ ਹੋਏ ਲੋਕਾਂ ਨਾਲ ਭਰੇ ਹੋਏ ਹੁੰਦੇ ਸੀ, ਹੁਣ ਅਜਿਹਾ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਸੱਤਾ ਬਦਲਦੀ ਹੈ ਤਾਂ ਕੁੱਝ ਚੁਣੌਤੀਆਂ ਵੀ ਆਉਂਦੀਆਂ ਹਨ ਤੇ ਇਹ ਆਮ ਹੈ। ਘਰ ਬਦਲਦਿਆਂ ਵੀ ਕਾਫੀ ਕੁੱਝ ਨੁਕਸਾਨ ਹੋ ਜਾਂਦਾ ਹੈ।