‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਾਲਿਬਾਨ ਦੇ ਪ੍ਰਧਾਨ ਮੰਤਰੀ ਨੇ ਇਸਲਾਮਿਕ ਦੇਸ਼ਾਂ ਤੋਂ ਆਪਣੀ ਸਰਕਾਰ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਹੈ। ਵਿਦੇਸ਼ੀ ਮਦਦ ‘ਤੇ ਨਿਰਭਰ ਅਫ਼ਗਾਨਿਸਤਾਨ ਇਨ੍ਹਾਂ ਦਿਨਾਂ ਵਿੱਚ ਆਰਥਿਕ ਰੂਪ ਵਜੋਂ ਬਿਖਰ ਚੁੱਕਿਆ ਹੈ। ਹਾਲੇ ਤੱਕ ਕਿਸੇ ਵੀ ਦੇਸ਼ ਨੇ ਤਾਲਿਬਾਨ ਨੂੰ ਮਾਨਤਾ ਨਹੀਂ ਦਿੱਤੀ ਹੈ। ਹਰ ਕੋਈ ਵੇਖ ਰਿਹਾ ਹੈ ਕਿ ਕੱਟੜਪੰਥੀ ਇਸਲਾਮਿਕ ਸੋਚ ਰੱਖਣ ਵਾਲਾ ਤਾਲਿਬਾਨ ਇਸ ਵਾਰ ਕਿਵੇਂ ਸ਼ਾਸਨ ਨੂੰ ਅੱਗੇ ਵਧਾਉਂਦਾ ਹੈ। ਤਾਲਿਬਾਨ ਦੀ ਸਰਕਾਰ ਵਿੱਚੋਂ ਔਰਤਾਂ ਨੂੰ ਸਰਕਾਰੀ ਨੌਕਰੀਆਂ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਲੜਕੀਆਂ ਸਕੂਲ ਨਹੀਂ ਜਾ ਪਾ ਰਹੀਆਂ ਹਨ।
ਬੁੱਧਵਾਰ ਨੂੰ ਕਾਬੁਲ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਤਾਲਿਬਾਨ ਦੇ ਪ੍ਰਧਾਨ ਮੰਤਰੀ ਮੁੱਲਾ ਮੁਹੰਮਦ ਹਸਨ ਅਖੁੰਦ ਨੇ ਕਿਹਾ ਕਿ “ਮੈਂ ਮੁਸਲਿਮ ਦੇਸ਼ਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਨੂੰ ਅਧਿਕਾਰਤ ਰੂਪ ਵਿੱਚ ਮਾਨਤਾ ਦੇਣ। ਇਸ ਤੋਂ ਬਾਅਦ ਸਾਨੂੰ ਉਮੀਦ ਹੈ ਕਿ ਅਸੀਂ ਵਿਕਾਸ ਦੀ ਰਾਹ ‘ਤੇ ਤੇਜ਼ੀ ਨਾਲ ਵੱਧ ਸਕਾਂਗੇ। ਮੈਂ ਇਹ ਆਪਣੀ ਸਰਕਾਰ ਦੇ ਲਈ ਨਹੀਂ ਬਲਕਿ ਇੱਥੋਂ ਦੇ ਲੋਕਾਂ ਦੇ ਲਈ ਚਾਹੁੰਦਾਹੈ। ਤਾਲਿਬਾਨ ਨੇ ਸ਼ਾਂਤੀ ਅਤੇ ਸੁਰੱਖਿਆ ਬਹਾਲ ਕਰਨ ਦੇ ਲਈ ਸਾਰੀਆਂ ਜ਼ਰੂਰੀ ਸ਼ਰਤਾਂ ਪੂਰੀਆਂ ਕਰ ਲਈਆਂ ਹਨ। “
ਅਖੁੰਦ ਨੇ ਕਿਹਾ ਕਿ ਇਸਲਾਮਿਕ ਦੇਸ਼ਾਂ ਨੂੰ ਮਾਨਤਾ ਦੇਣ ਦੇ ਮਾਮਲੇ ਵਿੱਚ ਹੁਣ ਹੋਰ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਮਾਨਤਾ ਨਾ ਮਿਲਣ ਦੇ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇ ਆਰਥਿਕ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਤਾਂ ਅਫ਼ਗਾਨਿਸਤਾਨ ਵਰਤਮਾਨ ਸੰਕਟ ਤੋਂ ਬਾਹਰ ਨਿਕਲ ਸਕਦਾ ਹੈ।
ਕੀ ਹੈ ਅਫ਼ਗਾਨਿਸਤਾਨ ਦੀ ਮੌਜੂਦਾ ਹਾਲਤ ?
ਪਿਛਲੇ ਸਾਲ ਅਗਸਤ ਮਹੀਨੇ ਵਿੱਚ ਜਦੋਂ ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਸੱਤਾ ‘ਤੇ ਕਬਜ਼ਾ ਕਰ ਲਿਆ ਸੀ ਉਦੋਂ ਤੋਂ ਪੱਛਮੀ ਦੇਸ਼ਾਂ ਨੇ ਅਫ਼ਗਾਨਿਸਤਾਨ ਲਈ ਅੰਤਰਰਾਸ਼ਟਰੀ ਮਦਦ ਬੰਦ ਕਰ ਦਿੱਤੀ ਸੀ ਅਤੇ ਅਰਬਾਂ ਡਾਲਰਾਂ ਦੀ ਸੰਪਤੀ ਨੂੰ ਜ਼ਬਤ ਕਰ ਲਿਆ ਹੈ। ਤਾਲਿਬਾਨ ਦੇ ਆਉਣ ਤੋਂ ਬਾਅਦ ਸਰਕਾਰੀ ਕਰਮਚਾਰੀਆਂ ਨੂੰ ਵੀ ਤਨਖਾਹ ਨਹੀਂ ਮਿਲ ਪਾ ਰਹੀ ਹੈ।