‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਇਸਲਾਮ ਦੇ ਕੱਟੜਪੰਥੀ ਗਰੁੱਪ ਤਾਲਿਬਾਨ ਨੇ ਉੱਤਰੀ ਅਫਗਾਨਿਸਤਾਨ ਦੇ ਇਕ ਖੇਤਰ ਉੱਪਰ ਕਬਜ਼ਾ ਕਰ ਲਿਆ ਹੈ। ਇਸ ਤੋਂ ਬਾਅਦ ਇਕ ਫਰਮਾਨ ਜਾਰੀ ਕਰਦਿਆਂ ਤਾਲਿਬਾਨ ਨੇ ਕਿਹਾ ਹੈ ਕਿ ਔਰਤਾਂ ਕਿਸੇ ਪੁਰਸ਼ ਨਾਲ ਬਜ਼ਾਰ ਨਹੀਂ ਜਾਣਗੀਆਂ ਤੇ ਪੁਰਸ਼ ਦਾਹੜੀ ਨਹੀਂ ਕਟਵਾਉਣਗੇ।ਇਸਦੇ ਨਾਲ ਸਿਗਰਟਨੋਸ਼ੀ ਉੱਤੇ ਵੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਸਮਚਾਰ ਏਜੰਸੀ ਏਐੱਫਪੀ ਦੇ ਅਨੁਸਾਰ ਇਹ ਖਬਰਾਂ ਸਥਾਨਕ ਲੋਕਾਂ ਦੇ ਹਵਾਲੇ ਨਾਲ ਮਿਲ ਰਹੀਆਂ ਹਨ।ਲੋਕਾਂ ਨੇ ਕਿਹਾ ਹੈ ਕਿ ਤਾਲਿਬਾਨ ਨੇ ਸਥਾਨਕ ਇਮਾਮਾਂ ਨੂੰ ਇਹ ਸ਼ਰਤਾਂ ਵਾਲਾ ਪੱਤਰ ਵੀ ਜਾਰੀ ਕੀਤਾ ਹੈ।ਇਹ ਵੀ ਕਿਹਾ ਕਿ ਜੇਕਰ ਕੋਈ ਇਹ ਹੁਕਮ ਨਹੀਂ ਮੰਨੇਗਾ ਤਾਂ ਉਸ ਨਾਲ ਸਖਤੀ ਵਰਤੀ ਜਾਵੇਗੀ।
ਨੇਟੋ ਦੇ ਸੈਨਿਕਾਂ ਦੇ ਮੁੜਨ ਨਾਲ ਹੀ ਅਫਗਾਨ ਤਾਲਿਬਾਨ ਨੇ ਅਫਗਾਨਿਸਤਾਨ ਵਿਚ ਆਪਣਾ ਰਸੂਖ ਜਮਾਉਣਾ ਸ਼ੁਰੂ ਕੀਤਾ ਸੀ। ਤਾਲਿਬਾਨ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਕਬਜੇ ਵਿਚ ਅਫਗਾਨ ਸਰਕਾਰ ਨਾਲੋਂ ਵੀ ਵੱਡਾ ਖੇਤਰ ਹੈ। ਅਫਗਾਨ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਉਹ ਆਪਣੇ ਸੈਨਿਕਾਂ ਨੂੰ ਆਤਮਸਮਰਪਣ ਕਰਨ ਲਈ ਕਹਿਣ, ਕਿਉਂ ਕਿ ਤਾਲਿਬਾਨ ਕੋਈ ਲੜਾਈ ਨਹੀਂ ਲੜੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਅਫਗਾਨਿਸਤਾਨ ਦੇ ਸ਼ੇਰ ਖਾਂ ਬਾਂਦੇਰ ਖੇਤਰ ਉੱਤੇ ਕਬਜਾ ਕਰਨ ਤੋਂ ਬਾਅਦ ਤਾਲਿਬਾਨ ਨੇ ਸਥਾਨਕ ਲੋਕਾਂ ਨੂੰ ਹੁਕਮ ਦਿੱਤੇ ਸੀ ਔਰਤਾਂ ਘਰੋਂ ਬਾਹਰ ਨਾ ਜਾਣ।ਇਸ ਤੋਂ ਬਾਅਦ ਕਈ ਰਿਪੋਰਟਾਂ ਵੀ ਆਈਆਂ ਸਨ ਕਿ ਸ਼ੇਰ ਖਾਂ ਬਾਂਦੇਰ ਖੇਤਰ ਵਿੱਚ ਕਈ ਔਰਤਾਂ ਕਸ਼ੀਦਾਕਾਰੀ, ਸਿਲਾਈ-ਕਢਾਈ ਤੇ ਹੋਰ ਜੁੱਤੀਆਂ ਬਣਾਉਣ ਦਾ ਕੰਮ ਕਰਦੀਆਂ ਹਨ, ਪਰ ਇਸ ਡਰ ਨਾਲ ਉਨ੍ਹਾਂ ਨੂੰ ਕੰਮ ਬੰਦ ਕਰਨਾ ਪਵੇਗਾ।
ਹਾਲਾਂਕਿ ਕੁੱਝ ਜਾਣਕਾਰਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਮੂਲ ਰੂਪ ਵਿਚ ਇੱਕ ਰੂੜੀਵਾਦੀ ਦੇਸ਼ ਹੈ, ਜਿਸ ਵਿਚ ਕੁੱਝ ਪੇਂਡੂ ਹਿੱਸਿਆਂ ਵਿੱਚ ਬਿਨਾਂ ਤਾਲਿਬਾਨ ਦੀ ਮੌਜੂਦਗੀ ਦੇ ਹੀ ਅਜਿਹੇ ਨਿਯਮ ਮੰਨੇ ਜਾਂਦੇ ਹਨ।