International

ਤਾਲਿਬਾਨ ਲੜਾਕਿਆਂ ਨੇ ਵੀਡੀਓ ਬਣਾਉਣ ‘ਤੇ ਅਫਗਾਨ ਪੱਤਰਕਾਰ ਨੂੰ ਬੰਦੂਕਾਂ ਨਾਲ ਕੁੱਟਿਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਾਲਿਬਾਨ ਦੇ ਲੜਾਕਿਆਂ ਵੱਲੋਂ ਇਕ ਅਫਗਾਨ ਪੱਤਰਕਾਰ ਨੂੰ ਸਿਰਫ ਇਸ ਲਈ ਬੰਦੂਕਾਂ ਨਾਲ ਕੁੱਟਿਆ ਗਿਆ, ਕਿਉਂ ਕਿ ਉਸਨੇ ਵੀਡੀਓ ਬਣਾ ਲਈ ਸੀ। ਅਫਗਾਨ ਸਮਾਚਰ ਚੈਨਲ ਟੋਲੋ ਨਿਊਜ਼ ਨੇ ਦੱਸਿਆ ਕਿ ਤਾਲਿਬਾਨ ਨੇ ਉਨ੍ਹਾਂ ਦੇ ਪੱਤਰਕਾਰ ਤੇ ਕੈਮਰਾਮੈਨ ਨਾਲ ਕੁੱਟਮਾਰ ਕੀਤੀ ਹੈ।

ਦੱਸਿਆ ਗਿਆ ਹੈ ਕਿ ਇਹ ਦੋਵੇਂ ਪੱਤਰਕਾਰ ਕਾਬੁਲ ਵਿੱਚ ਵਧ ਰਹੀ ਬੇਰੁਜ਼ਗਾਰੀ ਮੁੱਦੇ ਉੱਤੇ ਇੱਕ ਖਬਰ ਬਣਾ ਰਹੇ ਸਨ। ਟੋਲੋ ਨਿਊਜ਼ ਨੇ ਦੱਸਿਆ ਹੈ ਕਿ ਪੱਤਰਕਾਰ ਜ਼ੈਰ ਯਾਦ ਤੇ ਬੀਸ ਮਜੀਦੀ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਸ਼ਹਿਰ ਸ਼ਹਿਰ ਏ ਨੀਵ ਇਲਾਕੇ ਵਿੱਚ ਬੇਰੁਜ਼ਗਾਰਾਂ ਦੀ ਵੀਡੀਓ ਬਣਾ ਰਹੇ ਸਨ ਤੇ ਉਸ ਵੇਲੇ ਤਾਲਿਬਾਨ ਨੇ ਬਿਨਾਂ ਕੋਈ ਕਾਰਣ ਦੱਸੇ ਉਨ੍ਹਾਂ ਨਾਲ ਗੰਭੀਰ ਰੂਪ ਵਿੱਚ ਕੁੱਟਮਾਰ ਕੀਤੀ।


ਇਸ ਬਾਰੇ ਜ਼ੈਰ ਨੇ ਦੱਸਿਆ ਕਿ ਅਸੀਂ ਆਪਣੇ ਰਿਪੋਰਟਰ ਸ਼ਨਾਖਤੀ ਕਾਰਡ ਵੀ ਦਿਖਾਏ, ਪਰ ਉਨ੍ਹਾਂ ਨੇ ਆ ਕੇ ਸਾਡੇ ਥੱਪੜ ਮਾਰੇ ਤੇ ਆਪਣੀਆਂ ਬੰਦੂਕਾਂ ਨਾਲ ਕੁੱਟਿਆ।ਇੰਨਾ ਹੀ ਨਹੀਂ ਸਾਡੇ ਮੋਬਾਇਲ ਤੇ ਹੋਰ ਸਮਾਨ ਵੀ ਖੋਹ ਲਿਆ। ਟੋਲੋ ਨਿਊਜ਼ ਦੇ ਮੁਤਾਬਿਕ ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਈ ਪੱਤਰਕਾਰਾਂ ਨਾਲ ਮਾਰਕੁੱਟ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ।

ਹਾਲਾਂਕਿ ਤਾਲਿਬਾਨੀ ਸੰਸਕ੍ਰਿਤੀ ਕਮਿਸ਼ਨ ਦੇ ਪ੍ਰਧਾਨ ਅਹਿਮਦਦੁੱਲਾ ਵਾਸਿਕ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।ਟੋਲੋ ਨਿਊਜ਼ ਨੇ ਵੀ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਸਿਰਫ ਇਹ ਮਸਲਾ ਨਹੀਂ, ਅਸੀਂ ਪੱਤਰਕਾਰਾਂ ਦੇ ਹਰੇਕ ਕੰਮ ਵਿੱਚ ਅੜਿੱਕਾ ਬਣਨ ਵਾਲੀ ਘਟਨਾ ਦੀ ਜਾਂਚ ਕਰਕੇ ਉਸਦਾ ਹੱਲ ਕਰਾਂਗੇ।