The Khalas Tv Blog India ਬੇਅਦਬੀ ਮਾਮਲਾ : ਪੁਲਿਸ ਜਾਂਚ ‘ਤੇ ਨਹੀਂ ਵਿਸ਼ਵਾਸ, ਸੰਗਤ ਵੱਲੋਂ ਅਸਤੀਫ਼ੇ ਦੀ ਮੰਗ ਦਾ ਵੀ ਜਥੇਦਾਰ ਨੇ ਦਿੱਤਾ ਜਵਾਬ
India Punjab

ਬੇਅਦਬੀ ਮਾਮਲਾ : ਪੁਲਿਸ ਜਾਂਚ ‘ਤੇ ਨਹੀਂ ਵਿਸ਼ਵਾਸ, ਸੰਗਤ ਵੱਲੋਂ ਅਸਤੀਫ਼ੇ ਦੀ ਮੰਗ ਦਾ ਵੀ ਜਥੇਦਾਰ ਨੇ ਦਿੱਤਾ ਜਵਾਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਬੇਅਦਬੀ ਮਾਮਲੇ ‘ਤੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹੈ ਪਰ ਸਾਨੂੰ ਹਾਲੇ ਤੱਕ ਪੁਲਿਸ ਜਾਂਚ ਵਿੱਚੋਂ ਦੋਸ਼ੀ ਦੇ ਪਿੱਛੇ ਕੌਣ ਹੈ, ਕਿਸਨੇ ਉਸਨੂੰ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ ਸੀ, ਉਸ ਬਾਰੇ ਕੁੱਝ ਪਤਾ ਨਹੀਂ ਲੱਗਾ। ਅਸੀਂ ਪੁਲਿਸ ਜਾਂਚ ਦੇ ਨਾਲ ਜੋ ਇੱਕ ਟੀਮ ਤਾਇਨਾਤ ਕੀਤੀ ਸੀ ਜੋ ਮੌਕੇ ‘ਤੇ ਸਾਰੇ ਵਿਚਾਰ ਸੁਣੇਗੀ, ਉਸਨੂੰ ਵਾਪਿਸ ਲੈ ਲਿਆ ਹੈ। ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਜਾਂਚ ‘ਤੇ ਅਸੀਂ ਬਿਲਕੁਲ ਸੰਤੁਸ਼ਟ ਨਹੀਂ ਹਾਂ। ਆਉਣ ਵਾਲੇ ਦਿਨਾਂ ਵਿੱਚ ਅਸੀਂ ਸੰਗਤ ਦੇ ਨਾਲ ਵਿਚਾਰ ਕਰਕੇ ਅਗਲਾ ਪ੍ਰੋਗਰਾਮ ਉਲੀਕਾਂਗੇ ਕਿ ਦੋਸ਼ੀ ਨੂੰ ਸਜ਼ਾ ਕਿਵੇਂ ਦੇਣੀ ਹੈ। ਸਿਸਟਮ ਵਿੱਚ ਬਹੁਤ ਵੱਡੀ ਘਾਟ ਹੈ ਕਿ ਭਾਵੇਂ ਧਾਰਾ 295ਏ ਹੋਵੇ, ਚਾਹੇ ਕੋਈ ਹੋਰ ਧਾਰਾਵਾਂ ਹੋਣ, ਇਸਦੀ ਮਨਜ਼ੂਰੀ ਹੋਮ ਮਿਨਿਸਟਰੀ (home ministry) ਦਿੰਦੀ ਹੈ, ਜਿਸਦਾ ਮਹਿਕਮਾ ਮੁੱਖ ਮੰਤਰੀ ਕੋਲ ਹੈ। ਪੁਲਿਸ ਮਨਜ਼ੂਰੀ ਆਉਣ ਤੱਕ ਚਲਾਨ ਪੇਸ਼ ਨਹੀਂ ਕਰ ਸਕਦੀ। ਜਦੋਂ ਤੱਕ ਮਨਜ਼ੂਰੀ ਮਿਲੇਗੀ, ਉਦੋਂ ਤੱਕ ਦੋਸ਼ੀ ਦੀ ਜ਼ਮਾਨਤ ਦਾ ਸਮਾਂ ਨੇੜੇ ਆ ਜਾਂਦਾ ਹੈ ਅਤੇ ਦੋਸ਼ੀ ਬੜੀ ਆਸਾਨੀ ਦੇ ਨਾਲ ਜ਼ਮਾਨਤ ਕਰਵਾ ਕੇ ਬਾਹਰ ਆ ਜਾਂਦੇ ਹਨ। ਸਾਡੇ ਧਰਮ ਦੇ ਨਾਲ ਹੀ ਕਿਉਂ ਖਿਲਵਾੜ ਕੀਤਾ ਜਾ ਰਿਹਾ ਹੈ, ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰ ਰਹੇ ਹਾਂ ਪਰ ਸਾਡੇ ਹੀ ਧਰਮ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।

ਜਥੇਦਾਰ ਨੇ ਕਿਹਾ ਕਿ ਇਸ ਕੇਸ ਵਿੱਚ ਇੱਕ ਹੋਰ ਪਹਿਲੂ ਜਾਣਨ ਵਾਲਾ ਹੈ ਕਿ ਦੋਸ਼ੀ ਪਰਮਜੀਤ ਸਿੰਘ ਦੇ ਪਿਉ ਗੁਰਮੇਲ ਸਿੰਘ ਨੇ ਇੱਕ ਡੇਰਾ ਸਿਰਸਾ ਦਾ ਉਪਾਸਕ ਹੋਣ ਕਰਕੇ ਆਪਣੇ ਪੁੱਤਰ ਨੂੰ ਨਸ਼ਾ ਛੁਡਾਊ ਕੇਂਦਰ ਦਾ ਬਹਾਨਾ ਬਣਾ ਕੇ ਗੁਰਮਤਿ ਵਿਦਿਆਲਿਆ ਵਿੱਚ ਛੱਡਿਆ। ਇਸ ਪਿੱਛੇ ਉਸਦੀ ਕੀ ਮਨਸਾ ਸੀ, ਇਹ ਸਭ ਕੁੱਝ ਸਾਹਮਣੇ ਆਉਣਾ ਚਾਹੀਦਾ ਹੈ। ਜਥੇਦਾਰ ਨੇ ਦੋਸ਼ੀ ਦੇ ਜੱਦੀ ਪਿੰਡ ਲੰਘੇਆਣਾ ਨਵਾਂ ਦੇ ਉਸ ਫੈਸਲੇ ਦੀ ਵੀ ਸ਼ਲਾਘਾ ਕੀਤੀ, ਜਿਸ ਵਿੱਚ ਪਿੰਡਵਾਸੀਆਂ ਨੇ ਉਸਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਬਾਕੀ ਪਿੰਡਾਂ ਤੇ ਸ਼ਹਿਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿੱਥੇ ਵੀ ਗੁਰੂ ਘਰ ਦੇ ਦੋਖੀ ਹਨ, ਉਨ੍ਹਾਂ ਦਾ ਮੁਕੰਮਲ ਪਰਿਵਾਰਕ ਅਤੇ ਸਮਾਜਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।

ਜਥੇਦਾਰ ਨੇ ਅਨੰਦਪੁਰ ਸਾਹਿਬ ਦੇ ਵਕੀਲਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਦੋਸ਼ੀ ਦਾ ਕੇਸ ਨਾ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸਮੁੱਚੇ ਵਕੀਲ ਭਾਈਚਾਰੇ ਨੂੰ ਵੀ ਇਸ ਤਰ੍ਹਾਂ ਦੇ ਗੁਰੂ ਸਾਹਿਬ, ਪੰਥਕ ਦੋਖੀਆਂ ਦਾ ਕੇਸ ਨਾ ਲੜਨ ਦੀ ਅਪੀਲ ਕੀਤੀ ਹੈ।

ਜਥੇਦਾਰ ਨੇ ਕਿਹਾ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ, ਉਸ ਲਈ ਅਸੀਂ ਸੰਗਤ, ਸੰਪਰਦਾਵਾਂ, ਜਥੇਬੰਦੀਆਂ ਦੀ ਰਾਏ ਵੀ ਲੈ ਰਹੇ ਹਾਂ ਕਿ ਉਸ ਵਾਸਤੇ ਸਾਨੂੰ ਕੀ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ, ਕੀ ਸੁਰੱਖਿਆ ਇੰਤਜ਼ਾਮ ਕਰਨੇ ਚਾਹੀਦੇ ਹਨ। ਸਾਨੂੰ ਇਨ੍ਹਾਂ ਵੱਡੇ ਅਸਥਾਨਾਂ ‘ਤੇ ਸੁਰੱਖਿਆ ਵਧਾਉਣੀ ਚਾਹੀਦੀ ਹੈ।

ਜਥੇਦਾਰ ਨੇ ਪੁਲਿਸ ਦੀ ਜਾਂਚ ‘ਤੇ ਬੇਭਰੋਸਗੀ ਜਾਹਿਰ ਕਰਦਿਆਂ ਕਿਹਾ ਕਿ ਪੁਲਿਸ ਦੋਸ਼ੀ ਨੂੰ ਮਾਨਸਿਕ ਸੰਤੁਲਨ ਖੋਹਣ ਵਾਲੇ ਪਾਸੇ ਲਿਜਾ ਰਹੀ ਹੈ, ਜਿਸਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ।  ਇਸ ਲਈ ਸੰਗਤ ਦੇ ਸਹਿਯੋਗ ਨਾਲ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।

ਆਪਣੇ ਅਸਤੀਫ਼ੇ ਦੀ ਉੱਠ ਰਹੀ ਮੰਗ ਨੂੰ ਲੈ ਕੇ ਜਥੇਦਾਰ ਨੇ ਕਿਹਾ ਕਿ ਸੰਗਤ ਗੁਰੂ ਰੂਪ ਹੈ ਅਤੇ ਜੇ ਸੰਗਤ ਮੇਰੇ ਅਸਤੀਫੇ ਦੀ ਮੰਗ ਕਰਦੀ ਹੈ ਤਾਂ ਮੈਂ ਪੰਜਾਂ ਮਿੰਟਾਂ ਵਿੱਚ ਅਸਤੀਫ਼ਾ ਦੇਣ ਵਾਸਤੇ ਤਿਆਰ ਹਾਂ ਕਿਉਂਕਿ ਜੇ ਮੇਰੇ ਅਸਤੀਫ਼ੇ ਦੇ ਨਾਲ ਇਹ ਬੇਅਦਬੀਆਂ ਦੇ ਮਾਮਲੇ ਰੁਕ ਜਾਂਦੇ ਹਨ ਤਾਂ ਮੈਥੋਂ ਵੱਡੇ ਭਾਗਾਂ ਵਾਲਾ ਹੋਰ ਕਈ ਨਹੀਂ ਹੋ ਸਕਦਾ, ਮੈਂ ਅਸਤੀਫੇ ਲਈ ਬਿਲਕੁਲ ਤਿਆਰ-ਬਰ-ਤਿਆਰ ਹਾਂ।

Exit mobile version