‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 13 ਸਤੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਅਤੇ ਉਸਦੇ ਪਰਿਵਾਰ ਦਾ ਉਸ ਦੇ ਜੱਦੀ ਪਿੰਡ ਲੰਗੇਆਣਾ ਨਵਾਂ ਵੱਲੋਂ ਸਮਾਜਿਕ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸੰਗਤ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਅਰਦਾਸ ਕੀਤੀ ਗਈ। ਇਸ ਮੌਕੇ ਸੰਗਤ ਨੇ ਦੋਸ਼ੀ ਲਈ ਸਖ਼ਤ ਸਜ਼ਾ ਦੀ ਮੰਗ ਕਰਦਿਆਂ ਹੱਥ ਖੜ੍ਹੇ ਕਰਕੇ ਸਮਾਜਿਕ ਬਾਈਕਾਟ ਦੇ ਫ਼ੈਸਲੇ ਦਾ ਸਮਰਥਨ ਕੀਤਾ ਤੇ ਕਿਹਾ ਕਿ ਡੇਰੇ ਨਾਲ ਜੁੜੇ ਵਿਅਕਤੀਆਂ ਨਾਲ ਕਿਸੇ ਤਰ੍ਹਾਂ ਦੀ ਸਾਂਝ ਨਹੀਂ ਰੱਖੀ ਜਾਵੇਗੀ।
ਪਿੰਡਵਾਸੀਆਂ ਨੇ ਦੱਸਿਆ ਕਿ ਦੋਸ਼ੀ ਦਾ ਪਰਿਵਾਰ ਕਰੀਬ 4 ਦਹਾਕੇ ਪਹਿਲਾਂ ਇੱਥੋਂ ਚਲਾ ਗਿਆ ਸੀ। ਦੋਸ਼ੀ ਦੀ ਪਿੰਡ ਲੰਗੇਆਣਾ ਵਿੱਚ ਕਰੀਬ 15 ਏਕੜ ਜ਼ਮੀਨ ਨੂੰ ਕਿਸੇ ਵੀ ਵਿਅਕਤੀ ਵੱਲੋਂ ਕਾਸ਼ਤ ਲਈ ਠੇਕੇ ’ਤੇ ਜਾਂ ਖ਼ਰੀਦ ਨਾ ਕਰਨ ਦਾ ਵੀ ਪਿੰਡਵਾਸੀਆਂ ਵੱਲੋਂ ਫ਼ੈਸਲਾ ਲਿਆ ਗਿਆ ਹੈ।