ਬਿਊਰੋ ਰਿਪੋਰਟ : ਤਲਵੰਡੀ ਸਾਬੋ ਤਖਤ ਦਮਦਮਾ ਸਾਹਿਬ ਨਾਲ ਲੱਗ ਦਾ ਭਗਤ ਰਵੀਦਾਸ ਜੀ ਦਾ ਗੁਰਦੁਆਰਾ ਬੁੰਗਾ ਨਾਨਕਸਰ ਜ਼ਮੀਨ ਵਿਵਾਦ ਇੱਕ ਵਾਰ ਮੁੜ ਤੋਂ ਸੜਕ ‘ਤੇ ਪਹੁੰਚ ਗਿਆ ਹੈ ਅਤੇ ਹੁਣ ਇਸ ਨੇ ਸਿਆਸਤ ਰੰਗਤ ਲੈਣੀ ਵੀ ਸ਼ੁਰੂ ਕਰ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਬੁੰਗਾ ਨਾਨਕਸਰ ਪਹੁੰਚੇ ਹਨ । ਅਦਾਲਤੀ ਹੁਕਮਾਂ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ SGPC ਦੀ ਟਾਸਕ ਫੋਰਸ ਨੇ ਜ਼ਮੀਨ ਆਪਣੇ ਕਬਜ਼ੇ ਵਿੱਚ ਲਈ ਤਾਂ ਰਵੀਦਾਰ ਭਾਈਚਾਰੇ ਦੇ ਲੋਕ ਉੱਥੇ ਪ੍ਰਦਰਸ਼ਨ ਕਰਨ ਲਈ ਪਹੁੰਚ । ਕੁਝ ਦਿਨਾਂ ਤੋਂ ਤਖਤ ਦਮਦਮਾ ਸਾਹਿਬ ਦੇ ਬਾਹਰ ਪ੍ਰਦਰਸ਼ਨ ਚੱਲ ਰਿਹਾ ਸੀ, ਮੰਗਲਵਾਰ ਨੂੰ ਵੱਡੇ ਇਕੱਠ ਦਾ ਸੱਦਾ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਅਲਰਟ ਹੈ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ ।
ਇਹ ਹੈ ਵਿਵਾਦ
ਦਰਅਸਲ 2008 ਵਿੱਚ SGPC ਨੇ ਬੁੰਗਾ ਨਾਨਕਸਰ ਦੀ ਜ਼ਮੀਨ ‘ਤੇ ਆਪਣਾ ਹੱਕ ਜਤਾਇਆ ਸੀ ਅਤੇ ਇਸ ਦੇ ਖਿਲਾਫ਼ ਅਦਾਲਤ ਵਿੱਚ ਕੇਸ ਫਾਈਲ ਕੀਤੀ, 2011 ਵਿੱਚ ਜ਼ਿਲਾਂ ਅਦਾਲਤ ਨੇ SGPC ਦੇ ਹੱਕ ਵਿੱਚ ਫੈਸਲਾ ਸੁਣਾਇਆ,ਉਸ ਤੋਂ ਬਾਅਦ 2013 ਵਿੱਚ ਬਠਿੰਡਾ ਕੋਰਟ ਨੇ ਸ਼੍ਰੋਮਣੀ ਕਮੇਟੀ ਨੂੰ ਬੁੰਗਾ ਨਾਨਕਸਰ ਦੀ 15 ਕਨਾਲ ਅਤੇ 14 ਮਰਲੇ ਜ਼ਮੀਨ ਦੇਣ ਦੇ ਨਿਰਦੇਸ਼ ਦਿੱਤੇ। ਬੁੰਗਾ ਨਾਨਕਸਰ ਦੀ ਕਮੇਟੀ ਨੇ ਇਸ ਫੈਸਲਾ ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ, 2015 ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਮੁੜ ਤੋਂ ਜ਼ਮੀਨ ‘ਤੇ SGPC ਦਾ ਹੱਕ ਦੱਸਿਆ। ਉਸ ਤੋਂ ਬਾਅਦ 2018 ਵਿੱਚ SGPC ਵੱਲੋਂ ADC ਤੋਂ ਜ਼ਮੀਨ ਕਬਜ਼ੇ ਨੂੰ ਲੈਕੇ ਵਾਰੰਟ ਲਏ ਗਏ ਅਤੇ ਕੋਰੋਨਾ ਦੀ ਵਜ੍ਹਾ ਕਰਕੇ ਕਮੇਟੀ ਕਬਜ਼ਾ ਨਹੀਂ ਲੈ ਸਕੀ। ਇਸ ਦੌਰਾਨ SGPC ਦਾ ਕਹਿਣਾ ਹੈ ਕਿ ਬੁੰਗਾ ਨਾਨਕਸਰ ਕਮੇਟੀ ਦੇ ਕੁਝ ਮੈਂਬਰ ਉਨ੍ਹਾਂ ਕੋਲ ਆਏ ਅਤੇ ਸਮਝੌਤੇ ਦੀ ਪੇਸ਼ਕਸ਼ ਰੱਖੀ। ਕਮੇਟੀ ਦੇ ਮੈਂਬਰਾਂ ਨੇ ਪਹਿਲਾਂ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ।
ਬੁੰਗਾ ਨਾਨਕਸਰ ਨੇ ਸਮਝੌਤੇ ‘ਤੇ ਹਸਤਾਖਰ ਕੀਤੇ
SGPC ਅਤੇ ਬੁੰਗਾ ਨਾਨਕਸਰ ਦੀ ਕਮੇਟੀ ਨੇ ਇਸ ਦੌਰਾਨ ਪ੍ਰਸ਼ਾਸਨ ਦੇ ਨਾਲ ਬੈਠ ਕੇ ਕਈ ਮੀਟਿੰਗਾਂ ਕੀਤੀਆਂ ਜਿਸ ਤੋਂ ਬਾਅਦ ਫੈਸਲਾ ਹੋਇਆ ਕਿ 3 ਕਨਾਲ ਜ਼ਮੀਨ ਮੇਨ ਸੜਕ ਦੇ ਨਜ਼ਦੀਕ ਬੁੰਗਾ ਨਾਨਕਸਰ ਨੂੰ ਆਪਣਾ ਗੁਰਦੁਆਰਾ ਬਣਾਉਣ ਲਈ ਦਿੱਤੀ ਜਾਵੇਗੀ,ਇਸ ਦੌਰਾਨ ਨਾਨਕਸਰ ਕਮੇਟੀ ਨੇ ਗੁਰਦੁਆਰਾ ਬਣਾਉਣ ਲਈ ਪੈਸੇ ਮੰਗੇ ਤਾਂ ਜਥੇਦਾਰ ਸਾਹਿਬ ਨੇ SGPC ਨੂੰ 50 ਲੱਖ ਰੁਪਏ ਦੇਣ ਦੇ ਆਦੇਸ਼ ਦਿੱਤੇ । SGPC ਦਾ ਕਹਿਣਾ ਕਿ ਅਦਾਲਤ ਵਿੱਚ ਕੇਸ ਹਾਰਨ ਦੇ ਬਾਵਜੂਦ SGPC ਨੇ ਬੁੰਗਾ ਨਾਨਕਸਰ ਨੂੰ ਜ਼ਮੀਨ ਵੀ ਦਿੱਤੀ ਅਤੇ ਗੁਰਦੁਆਰਾ ਬਣਾਉਣ ਦੇ ਲਈ ਰੁਪਏ ਪਰ ਹੁਣ ਬੁੰਗਾ ਨਾਨਕਸਰ ਵੱਲੋਂ ਕੁਝ ਹੋਰ ਸ਼ਰਾਰਤੀ ਲੋਕ ਸਾਹਮਣੇ ਆ ਗਏ ਹਨ ਅਤੇ ਉਨ੍ਹਾਂ ਨੇ ਫੈਸਲੇ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ।
ਸਿਆਸੀ ਆਗੂ ਭੜਕਾ ਰਹੇ ਹਨ
SGPC ਦਾ ਕਹਿਣਾ ਹੈ ਕਿ ਕੁਝ ਸਿਆਸੀ ਪਾਰਟੀਆਂ ਹਨ ਜੋ ਬੁੰਗਾ ਨਾਨਕਸਰ ਦੇ ਲੋਕਾਂ ਨੂੰ ਭੜਕਾ ਰਹੀਆਂ ਹਨ । ਕਮੇਟੀ ਦੇ ਅਹੁਦੇਦਾਰਾਂ ਨੇ RSS ‘ਤੇ ਵੀ ਸਵਾਲ ਚੁੱਕੇ ਹਨ ਕਿ ਉਹ ਧਾਰਮਿਕ ਮਾਮਲਿਆਂ ਵਿੱਚ ਦਖਲ ਦੇ ਰਹੀ ਹੈ । SGPC ਨੇ ਸਾਫ ਕਰ ਦਿੱਤਾ ਹੈ ਕਿ ਬੁੰਗਾ ਨਾਨਕਸਰ ਵਿੱਚ ਸਿੱਖ ਰਵਾਇਤਾਂ ਤੋਂ ਉਲਟ ਮੂਰਤੀ ਪੂਜਾ ਹੁੰਦਾ ਹੈ ਇਸ ਲਈ ਉਹ ਤਖਤ ਦਮਦਮਾ ਸਾਹਿਬ ਦੇ ਨਾਲ ਉੁਨ੍ਹਾਂ ਨੂੰ ਥਾਂ ਨਹੀਂ ਦੇ ਸਕਦੇ ਹਨ। ਅਦਾਲਤਾਂ ਨੇ ਵੀ SGPC ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ ।