Punjab

CM ਮਾਨ ਦੀ 1 ਨਵੰਬਰ ਦੀ ਡਿਬੇਟ ‘ਤੇ ਫਸਿਆ ਪੇਚ ! ਟੈਗੋਟ ਥਿਏਟਰ ਨੇ ਹੱਥ ਖੜੇ ਕੀਤੇ ! ਦੱਸੀ ਵੱਡੀ ਵਜ੍ਹਾ !

ਬਿਉਰੋ ਰਿਪੋਰਟ : 1 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ SYL ਸਮੇਤ ਪੰਜਾਬ ਦੇ ਸਾਰੇ ਮੁੱਦਿਆਂ ‘ਤੇ ਵਿਰੋਧੀ ਪਾਰਟੀਆਂ ਨੂੰ ਡਿਬੇਟ ਦਾ ਸੱਦਾ ਦਿੱਤਾ ਸੀ । ਇਹ ਬਹਿਸ ਚੰਡੀਗੜ੍ਹ ਦੇ ਟੈਗੋਰ ਥਿਏਟਰ ਵਿੱਚ ਹੋਣ ਦੀਆਂ ਚਰਚਾਵਾਂ ਸਨ । ਪਰ ਇਸ ਤੋਂ ਪਹਿਲਾਂ ਹੀ ਟੈਗੋਰ ਥਿਏਟਰ ਦਾ ਇਸ ਨੂੰ ਲੈਕੇ ਵੱਡਾ ਬਿਆਨ ਸਾਹਮਣੇ ਆਇਆ ਹੈ । ਟੈਗੋਰ ਥਿਏਟਰ ਦੇ ਡਾਇਰੈਕਟਰ ਅਭਿਸ਼ੇਕ ਸ਼ਰਮਾ ਨੇ ਦੱਸਿਆ ਹੈ ਪੰਜਾਬ ਸਰਕਾਰ ਵੱਲੋਂ 1 ਨਵੰਬਰ ਦੇ ਲਈ ਟੈਗੋਰ ਥਿਏਟਰ ਦੇ ਫਲੋਰ ਬਾਰੇ ਜਾਣਕਾਰੀ ਮੰਗੀ ਗਈ ਸੀ । ਪਰ ਉਸ ਤੋਂ ਬਾਅਦ ਬੁਕਿੰਗ ਲਈ ਅਪਲਾਈ ਨਹੀਂ ਕੀਤਾ ਗਿਆ । ਡਾਇਰੈਕਟਰ ਨੇ ਕਿਹਾ ਨਿਯਮ ਦੇ ਤਹਿਤ ਥਿਏਟਰ ਬੁੱਕ ਕਰਵਾਉਣ ਦੇ ਲਈ ਆਨਲਾਈ ਅਰਜ਼ੀ ਭੇਜੀ ਜਾਂਦੀ ਹੈ । ਜਿਸ ਦੀ ਅਸੀਂ ਜਾਂਚ ਕਰਦੇ ਹਾਂ ਉਸ ਤੋਂ ਬਾਅਦ ਉਸ ਨੂੰ ਮਨਜ਼ੂਰ ਕਰਦੇ ਹਾਂ । ਪਰ 11 ਅਕਤੂਬਰ ਸ਼ਾਮ 5 ਵਜੇ ਤੱਕ ਉਨ੍ਹਾਂ ਕੋਲ ਅਜਿਹੀ ਕੋਈ ਦਰਖਾਸਤ ਨਹੀਂ ਆਈ ਹੈ ।

ਡਾਇਰੈਕਟਰ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਟੈਗੋਰ ਥਿਏਟਰ ਦੇ ਵਿੱਚ ਕੋਈ ਵੀ ਸਿਆਸੀ ਪ੍ਰੋਗਰਾਮ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਹੈ ਸਾਡੀ ਵੈੱਬਸਾਇਟ ‘ਤੇ ਸਾਫ-ਸਾਫ ਇਸ ਦੀ ਜਾਣਕਾਰੀ ਲਿਖੀ ਹੋਈ ਹੈ । ਕੋਈ ਵੀ ਸਿਆਸੀ ਡਿਬੇਟ,ਪ੍ਰੈਸ ਕਾਂਫਰੰਸ ਦੀ ਮਨਜ਼ੂਰੀ ਨਹੀਂ ਦਿੱਤਾ ਜਾਂਦੀ ਹੈ । ਇੱਥੇ ਸਿਰਫ਼ ਸੰਗੀਤ,ਨਾਟਕ ਅਤੇ ਸਭਿਆਚਾਰ ਨਾਲ ਜੁੜੇ ਪ੍ਰੋਗਰਾਮ ਹੁੰਦੇ ਹਨ । ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਟੈਗੋਰ ਥਿਏਟਰ ਵਿੱਚ ਸਿਆਸਤ ਨਾਲ ਜੁੜਿਆ ਕੋਈ ਪ੍ਰੋਗਰਾਮ ਨਹੀਂ ਹੋਇਆ । ਚੰਡੀਗੜ੍ਹ ਪ੍ਰਸ਼ਾਸਨ ਨਿਯਮਾਂ ਨੂੰ ਲੈਕੇ ਬਹੁਤ ਸਖਤ ਹੈ । ਟੈਗੋਰ ਥਿਏਟਰ ਦੇ ਡਾਇਰੈਕਟਰ ਨੇ ਕਿਹਾ ਜੇਕਰ ਸਾਡੇ ਕੋਲ ਸਿਆਸੀ ਡਿਬੇਟ ਨੂੰ ਲੈਕੇ ਕੋਈ ਦਰਖਾਸਤ ਆਉਂਦੀ ਹੈ ਤਾਂ ਅਸੀਂ ਉਸ ਨੂੰ ਰੱਦ ਕਰ ਦੇਵਾਂਗੇ।

ਡਾਇਰੈਕਟਰ ਅਭਿਸ਼ੇਕ ਸ਼ਰਮਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਟੈਗੋਰ ਥਿਏਟਰ ਵਿੱਚ ਕਈ ਪ੍ਰੋਗਰਾਮ ਹੋ ਚੁੱਕੇ ਹਨ । ਪਰ ਉਨ੍ਹਾਂ ਪ੍ਰੋਗਰਾਮ ਵਿੱਚ ਕਿਸਾਨਾਂ ਅਤੇ ਨਵੇਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਸਨ,ਉਹ ਸਰਕਾਰੀ ਪ੍ਰੋਗਾਰਮ ਸੀ ।

ਸੁਨੀਲ ਜਾਖੜ ਨੇ ਪਹਿਲਾਂ ਹੀ ਇੰਨਕਾਰ ਕਰ ਦਿੱਤਾ ਸੀ

ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਜਦੋਂ ਟੈਗੋਰ ਥਿਏਟਰ ਵਿੱਚ ਡਿਬੇਟ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ ਕੱਸ ਦੇ ਹੋਏ ਕਿਹਾ ਸੀ । ‘ਮੈਂ ਕੋਈ ਨੌਟੰਕੀਬਾਜ਼ ਨਹੀਂ ਟੈਗੋਰ ਥਿਏਟਰ ਨਹੀਂ ਜਾਵਾਂਗਾ,ਮੇਰੇ ਨਾਲ ਬਹਿਸ ਕਰਨੀ ਹੈ ਤਾਂ ਅਬੋਹਰ ਚੱਲੋ,ਉੱਥੇ ਬਹਿਸ ਕਰੀਏ ਜਿੱਥੇ ਦੂਜੇ ਸੂਬੇ ਨੂੰ ਪਾਣੀ ਜਾਂਦਾ ਹੈ, ਸਿਰਫ ਇਨ੍ਹਾਂ ਹੀ ਨਹੀਂ ਜਾਖੜ ਨੇ ਭਗਵੰਤ ਮਾਨ ਨੂੰ ਨਸੀਹਤ ਦਿੰਦੇ ਹੋਏ ਕਿਹਾ ਸੀ ਕਿ ਬੋਲਣ ਵੇਲੇ ਆਪਣੇ ਅਹੁਦੇ ਦਾ ਧਿਆਨ ਰੱਖਣ’। ਸੁਨੀਲ ਜਾਖੜ ਦੇ ਪਿੱਛੇ-ਪਿੱਛੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦਾ ਵੀ ਟਵੀਟ ਆ ਗਿਆ ਸੀ ।

ਬਾਜਵਾ ਦਾ ਮਾਨ ਦੀ ਚੁਣੌਤੀ ਦੇ ਤੰਜ

ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਦੇ 11 ਅਕਤੂਬਰ ਨੂੰ ਸਵੇਰ ਵਾਲੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ ‘ਮਹਾਰਾਜਾ ਸਤੋਜ,ਜਦੋਂ ਸੁਪਰੀਮ ਕੋਰਟ ਦੀਆਂ ਹਦਾਇਤਾਂ ‘ਤੇ SYL ਦੇ ਸਰਵੇਖਣ ਲਈ ਟੀਮ ਪੰਜਾਬ ਆਵੇਗੀ ਸਭ‌ ਤੋਂ ਪਹਿਲਾਂ ਉਸ ‘ਤੇ ਸਟੈਂਡ ਸਪੱਸ਼ਟ ਕਰੋ। ਅਦਾਲਤ ‘ਚ ਪੰਜਾਬ ਦਾ ਪੱਖ ਕਮਜ਼ੋਰ ਕਿਉਂ ਕੀਤਾ ? ਤੁਹਾਡੇ ਪਿੰਡ ਦੇ ਲੋਕ ਚਰਚਾ ਕਰਦੇ ਨੇ ਕਿ ਜਦੋਂ ਤੁਸੀਂ ਖਾਲ ‘ਤੇ ਡਿਊਟੀ ਕਰਦੇ ਸੀ ਤਾਂ ਸ਼ਾਮ ਨੂੰ ਲੋਕ ਤੂਹਾਨੂੰ ਖੇਤ ਤੋਂ ਚੁੱਕ ਕੇ ਘਰ ਛੱਡ ਕੇ ਆਉਂਦੇ ਸੀ। ਦੇਖੀਂ ਕਿਤੇ ਹੁਣ ਫਿਰ ਉਸੇ ਤਰ੍ਹਾਂ ਪੰਜਾਬ ਦਾ ਪਾਣੀ ਤੁਹਾਡੇ ਨੱਕ ਥੱਲਿਓਂ ਹਰਿਆਣਾ ਵਿੱਚ ਨਾ ਜਾ ਵੜੇ ਜਿਵੇਂ ਗੁਆਂਢੀ ਤੁਹਾਡੀ ਟੱਲੀ ਹੋਏ ਦੀ ਪਾਣੀ ਦੀ ਵਾਰੀ ਲਾ ਜਾਂਦੇ ਸੀ।”ਭਗਵੰਤ ਸ਼ਾਹ” ਰਤਾ ਕੁ ਵੀ ਸ਼ਰਮ ਹੁੰਦੀ ਤਾਂ ਪੰਜਾਬ ਨੂੰ ਸੁੰਨਾਂ ਛੱਡ ਆਪਣੇ ਆਕਾ ਦਾ ਡਰਾਈਵਰ ਬਣਕੇ ਨਿੱਤ ਦਿਨ ਪੰਜਾਬ ਦਾ ਜਹਾਜ਼ ਦੂਜੇ ਰਾਜਾਂ ਵਿੱਚ ਨਾ ਘੁਮਾਉਂਦੇ। ਕੀ ਇਹ ਪੰਜਾਬ ਦੇ ਖਜ਼ਾਨੇ ਦੀ ਲੁੱਟ ਨਹੀਂ ? ਪੰਜਾਬ ਤੁਹਾਡੇ ਜਵਾਬ ਦੀ ਉਡੀਕ ਕਰ ਰਿਹਾ।

ਸੀਐੱਮ ਮਾਨ ਦੀ SYL ਤੇ ਸਿਆਸੀ ਚੁਣੌਤੀ

ਮੁੱਖ ਮੰਤਰੀ ਭਗਵੰਤ ਮਾਨ ਨੇ 11 ਅਕਤੂਬਰ ਦੀ ਸਵੇਰ ਇੱਕ ਵਾਰ ਮੁੜ ਤੋਂ SYL ਦੇ ਮੁੱਦੇ ‘ਤੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਚੁਣੌਤੀ ਦਿੱਤੀ । ਉਨ੍ਹਾਂ ਲਿਖਿਆ ਸੀ “ਮਾਣਯੋਗ ਸੁਨੀਲ ਜਾਖੜ ਜੀ , ਸੁਖਬੀਰ ਬਾਦਲ ਜੀ , ਬਾਜਵਾ ਜੀ ,ਰਾਜਾ ਵੜਿੰਗ ਜੀ..ਕੋਈ ਥੋੜ੍ਹੀ ਬਹੁਤ ਸ਼ਰਮ ਨਾਮ ਦੀ ਚੀਜ਼ ਘਰੋਂ ਲੈ ਕੇ ਤੁਰਦੇ ਓ ਜਾਂ ਨਹੀਂ ? ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੀ ਫ਼ੋਟੋ ਚ ਕੈਪਟਨ ਨਾਲ ਬਲਰਾਮ ਜਾਖੜ ਜੀ ਵੀ ਖੜ੍ਹੇ ਨੇ,ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ ਚ ਪ੍ਰਕਾਸ਼ ਸਿੰਘ ਬਾਦਲ ਦੀ SYL ਦੇ ਸਰਵੇ ਕਰਾਉਣ ਦੀ ਇਜ਼ਾਜ਼ਤ ਦੇਣ ਦੀ ਤਾਰੀਫ਼ ਕੀਤੀ..ਸੁਖਬੀਰ ਸਿੰਹਾਂ ਗੁੜਗਾਓਂ ਵਾਲੇ Oberoi ਹੋਟਲ ਦੀ ਫਰਦ ਲੈ ਕੇ ਆਈਂ, ਬਾਕੀ ਰਹੀ ਪਾਣੀ ਦੀ ਗੱਲ ਓਹ ਤੁਸੀਂ ਫ਼ਿਕਰ ਨਾ ਕਰੋ , ਛੋਟੇ ਹੁੰਦੇ ਖੇਤ ਮੇਰੀ ਡਿਊਟੀ ਖਾਲ ਤੇ ਗੇੜਾ ਮਾਰਨ ਦੀ ਲੱਗਦੀ ਸੀ ਕਿ ਖਾਲ ਚੋਂ ਕੋਈ ਖੱਡ ਨਾ ਪੈਜੇ, ਡਿਊਟੀ ਹੁਣ ਵੀ ਪ੍ਰਮਾਤਮਾ ਨੇ ਮੇਰੀ ਖਾਲ ਤੇ ਈ ਲਾਈ ਐ ਪਰ ਇਸ ਵਾਰ ਖ਼ਾਲ ਦਾ ਨਾਮ ‘ਸਤਲੁਜ’ ਐ,1 ਨਵੰਬਰ ਨੂੰ ਆਪਣੇ ਪੁਰਖਿਆਂ ਦੇ ਕੁਰਸੀ ਵਾਸਤੇ ਕੀਤੇ ਹੋਏ ਕੁਰਸੀਨਾਮੇ ਜਰੂਰ ਨਾਲ ਲੈ ਕੇ ਆਇਓ, ਤਾਂ ਕਿ ਮੇਰੇ ਵਤਨ ਪੰਜਾਬ ਦੇ ਲੋਕ ਵੀ ਜਾਣ ਲੈਣ ਕਿ ਕੁਰਬਾਨੀ ਦੇਣ ਦੀ ਗੱਲ ਕਹਿ ਕੇ ਉਹਨਾਂ ਦੀ ਕਿੰਨੀ ਵਾਰ ਕੁਰਬਾਨੀ ਲਈ ਗਈ…”