India Sports

10 ਸਾਲਾਂ ਬਾਅਦ ਟੀ-20 ਵਿਸ਼ਵ ਕੱਪ ਫਾਈਨਲ ’ਚ ਪੁੱਜਾ ਭਾਰਤ! 2022 ਦੀ ਹਾਰ ਦਾ ਹਿਸਾਬ ਕੀਤਾ ਬਰਾਬਰ

ਬਿਉਰੋ ਰਿਪੋਰਟ: ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਵੱਲੋਂ ਇਕਪਾਸੜ ਤੌਰ ’ਤੇ ਜਿੱਤ ਪ੍ਰਾਪਤ ਕੀਤੀ ਗਈ। ਕਪਤਾਨ ਰੋਹਿਤ ਸ਼ਰਮਾ ਨੇ ਅੱਧਾ ਸੈਂਕੜਾ ਆਪਣੇ ਨਾਂ ਕੀਤਾ। ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਨੇ ਇੰਗਲੈਂਡ ਨੂੰ ਆਲ ਆਊਟ ਕੀਤਾ। ਹੁਣ ਭਾਰਤ 29 ਜੂਨ ਰਾਤ 8 ਵਜੇ ਅਫ਼ਰੀਕਾ ਨਾਲ ਭਿੜੇਗਾ। ਉੱਧਰ ਅਫ਼ਰੀਕਾ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਹੈ।

ਗੁਆਨਾ ਦੀ ਪਿੱਚ ‘ਤੇ ਜਿੱਥੇ ਇੰਗਲਿਸ਼ ਬੱਲੇਬਾਜ਼ੀ 103 ਦੌੜਾਂ ‘ਤੇ ਸਿਮਟ ਗਈ ਸੀ, ’ਤੇ ਬੱਲੇਬਾਜ਼ੀ ਕਰਨ ਦਾ ਰੋਹਿਤ ਦਾ ਆਤਮਵਿਸ਼ਵਾਸ ਉਸ ਨੇ ਸੂਰਿਆਕੁਮਾਰ ਨੂੰ ਕਹੀ ਗੱਲ ਤੋਂ ਝਲਕਦਾ ਹੈ। ਲਿਆਮ ਲਿਵਿੰਗਸਟਨ ਗੇਂਦਬਾਜ਼ੀ ਕਰ ਰਿਹਾ ਸੀ। ਰੋਹਿਤ ਨੇ ਸੂਰਿਆ ਨੂੰ ਕਿਹਾ – ਉੱਪਰ ਸੁੱਟੇਗਾ ਤਾਂ ਮੈਂ ਦੇਵਾਂਗਾ ਨਾ। ਭਾਵ, ਗੇਂਦ ਨੂੰ ਉੱਪਰ ਸੁੱਟਣ ਦਿਓ ਤੇ ਮੈਂ ਇੱਕ ਵੱਡਾ ਸ਼ਾਟ ਖੇਡਾਂਗਾ। ਅਗਲੀ ਹੀ ਗੇਂਦ ’ਤੇ ਰੋਹਿਤ ਨੇ ਲਿਵਿੰਗਸਟਨ ਨੂੰ ਛੱਕਾ ਮਾਰਿਆ।

ਰੋਹਿਤ-ਸੂਰਿਆ ਤੋਂ ਬਾਅਦ ਬਾਕੀ ਦਾ ਕੰਮ ਕੁਲਦੀਪ, ਅਕਸ਼ਰ ਅਤੇ ਬੁਮਰਾਹ ਦੀ ਗੇਂਦਬਾਜ਼ੀ ਨੇ ਪੂਰਾ ਕੀਤਾ। ਬਟਲਰ, ਬੇਅਰਸਟੋ ਅਤੇ ਬਰੂਕ ਵਰਗੇ ਬੱਲੇਬਾਜ਼ ਸਪਿਨ ਵਿੱਚ ਉਲਝ ਗਏ। ਸਾਲਟ ਵਰਗੇ ਵਿਸਫੋਟਕ ਬੱਲੇਬਾਜ਼ ਨੂੰ ਬੁਮਰਾਹ ਨੇ ਸਲੋਅਰ ‘ਤੇ ਆਊਟ ਕੀਤਾ।

ਭਾਰਤ ਹੁਣ ਭਲਕੇ ਬਾਰਬਾਡੋਸ ਵਿੱਚ ਦੱਖਣੀ ਅਫ਼ਰੀਕਾ ਖ਼ਿਲਾਫ਼ ਖ਼ਿਤਾਬੀ ਮੁਕਾਬਲਾ ਖੇਡੇਗਾ, ਜੋ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਿਆ ਹੈ। ਭਾਰਤ ਨੇ 2007 ‘ਚ ਖਿਤਾਬ ਜਿੱਤਿਆ ਸੀ ਅਤੇ 2014 ’ਚ ਫਾਈਨਲ ਹਾਰ ਗਿਆ ਸੀ।

ਮੈਚ ਬਾਰੇ 2 ਮਹੱਤਵਪੂਰਨ ਗੱਲਾਂ

1. ਇਸ ਵਿਸ਼ਵ ਕੱਪ ਵਿੱਚ ਭਾਰਤ ਨੇ ਆਪਣੇ ਸਾਰੇ ਮੈਚ ਜਿੱਤੇ (ਸੱਤ ਜਿੱਤੇ ਅਤੇ ਇੱਕ ਰੱਦ) ਅਤੇ ਫਾਈਨਲ ਵਿੱਚ ਪਹੁੰਚ ਗਿਆ। ਦੂਜੇ ਪਾਸੇ ਦੱਖਣੀ ਅਫਰੀਕਾ ਨੇ ਵੀ ਆਪਣੇ ਸਾਰੇ ਅੱਠ ਮੈਚ ਜਿੱਤ ਕੇ ਖ਼ਿਤਾਬੀ ਮੁਕਾਬਲੇ ਵਿੱਚ ਪ੍ਰਵੇਸ਼ ਕਰ ਲਿਆ।

2. ਰੋਹਿਤ ਸ਼ਰਮਾ ਸੈਮੀਫਾਈਨਲ ਮੈਚ (49 ਜਿੱਤਾਂ) ਜਿੱਤਣ ਤੋਂ ਬਾਅਦ ਦੁਨੀਆ ਦਾ ਸਭ ਤੋਂ ਸਫਲ ਟੀ-20 ਕਪਤਾਨ ਬਣ ਗਿਆ ਹੈ। ਉਸ ਨੇ ਪਾਕਿਸਤਾਨ ਦੇ ਬਾਬਰ ਆਜ਼ਮ (48 ਜਿੱਤਾਂ) ਨੂੰ ਪਿੱਛੇ ਛੱਡ ਦਿੱਤਾ।

 

ਮੌਸਮ ਦੀ ਤਾਜ਼ਾ ਜਾਣਕਾਰੀ ਵੀ ਪੜ੍ਹੋ – ਪੰਜਾਬ-ਹਿਮਾਚਲ ‘ਚ ਦਾਖ਼ਲ ਹੋਇਆ ਮਾਨਸੂਨ! ਚੰਡੀਗੜ੍ਹ-ਹਰਿਆਣਾ ‘ਚ ਅੱਜ ਹੋਵੇਗਾ ਦਾਖ਼ਲ, ਸਾਰੇ ਰਾਜਾਂ ਵਿੱਚ ਬਾਰਿਸ਼ ਦਾ ਯੈਲੋ ਅਲਰਟ