International

ਟੀ. ਟੀ. ਪੀ. ਨੇ ਲਈ ਪਾਕਿਸਤਾਨ ਵਿਚ ਸਿੱਖ ਹਕੀਮ ਦੇ ਅੰਗ ਰੱਖਿਅਕ ਦੇ ਕਤਲ ਦੀ ਜਿੰਮੇਵਾਰੀ

: ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ‘ਚ ਸਿੱਖ ਹਕੀਮ ਸੁਰਜੀਤ ਸਿੰਘ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਮ੍ਰਿਤਕ ਪੁਲਿਸ ਕਰਮਚਾਰੀ ਦੀ ਪਹਿਚਾਣ ਕਾਂਸਟੇਬਲ ਫ਼ਰਹਾਦ (ਨੰਬਰ 146) ਵਜੋਂ ਹੋਈ ਹੈ।

ਹੁਣ ਇਸ ਕਤਲ ਦੀ ਜਿੰਮੇਵਾਰੀ  ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਟੀ. ਟੀ. ਪੀ. (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਨੇ ਲਈ ਹੈ| ਟੀ. ਟੀ. ਪੀ.ਪੱਖੀ ਚੈਨਲ ਅਲ-ਫ਼ਜ਼ਰ ਮੀਡੀਆ ਨੇ ਅਤਿਵਾਦੀ ਹਵਾਲੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿੱਖ ਹਕੀਮ ਸਰਜੀਤ ਸਿੰਘ ਨੂੰ ਨਿਸ਼ਾਨਾ ਬਣਾਉਣ ਪਹੁੰਚੇ ਦੋ ਮੋਟਰਸਾਈਕਲ ਸਵਾਰ ਲੜਕੇ ਉਸ ਦੇ ਅੰਗ ਰੱਖਿਅਕ ਫ਼ਰਹਾਦ ਦਾ ਗੋਲੀਆਂ ਮਾਰ ਕੇ ਕਤਲ ਕਰ ਗਏ।

ਜਾਣਕਾਰੀ ਸਾਂਝੀ ਕਰਦਿਆਂ ਪਿਸ਼ਾਵਰੀ ਸਿੱਖ ਆਗੂ ਅਤੇ ਐੱਮ. ਪੀ. ਏ. ਗੁਰਪਾਲ ਸਿੰਘ ਨੇ ਦੱਸਿਆ ਕਿ ਸਿਪਾਹੀ ਫ਼ਰਹਾਦ ਨੂੰ ਇਕ ਹਫ਼ਤਾ ਪਹਿਲਾਂ ਹੀ ਉਨ੍ਹਾਂ ਦੇ ਵੱਡੇ ਭਰਾ ਸਰਜੀਤ ਸਿੰਘ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਸੀ। ਉਸ ਦਾ ਭਰਾ ਸੁਰਜੀਤ ਸਿੰਘ ਇਕ ਹਿਕਮਤ ਦੀ ਦੁਕਾਨ ਚਲਾਉਂਦਾ ਹੈ।

ਪਿਸ਼ਾਵਰ ਦੇ ਸਿੱਖ ਆਗੂ ਨੇ ਆਪਣੇ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਅਤਿਵਾਦੀ ਸਮੂਹ ਆਈ. ਐੱਸ. ਕੇ. ਪੀ. ਵਲੋਂ ਪਿਸ਼ਾਵਰ ਸ਼ਹਿਰ ‘ਚ ਸਿੱਖਾਂ ‘ਤੇ ਹੋਏ ਹਮਲਿਆਂ ਅਤੇ ਹੱਤਿਆਵਾਂ ਦੀ ਜ਼ਿੰਮੇਵਾਰੀ ਲੈਣ ਨਾਲ ਸਿੱਖ ਭਾਈਚਾਰੇ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਨੇ ਸਿੱਧੇ ਤੌਰ ‘ਤੇ ਕਿਹਾ ਹੈ ਕਿ ਪਾਕਿ ਸਰਕਾਰ ਜਾਂ ਫ਼ੌਜ ਲਈ ਅਤਿਵਾਦੀ ਸਮੂਹਾਂ ਦੇ ਲੜਾਕਿਆਂ ਤੋਂ ਸਿੱਖਾਂ ਦੀ ਰੱਖਿਆ ਕਰਨ ਸੰਭਵ ਨਹੀਂ ਹੈ।