International

ਸਵਿਟਜ਼ਰਲੈਂਡ ਨੇ ਵੀ ਬੁਰਕੇ ‘ਤੇ ਲਗਾਈ ਪਾਬੰਦੀ; ਕਾਨੂੰਨ ਤੋੜਨ ‘ਤੇ ਲਗ ਸਕਦਾ ਹੈ ਭਾਰੀ ਜੁਰਮਾਨਾ

ਹੁਣ ਸਵਿਟਜ਼ਰਲੈਂਡ ਵੀ ਉਨ੍ਹਾਂ ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਹੋਣ ਜਾ ਰਿਹਾ ਹੈ ਜਿੱਥੇ ਹਿਜਾਬ ਜਾਂ ਬੁਰਕੇ ‘ਤੇ ਪਾਬੰਦੀ ਹੈ। ਸਵਿਟਜ਼ਰਲੈਂਡ ਜਲਦ ਹੀ ਹਿਜਾਬ, ਬੁਰਕਾ ਜਾਂ ਹੋਰ ਸਿਰ ਢਕਣ ‘ਤੇ ਪਾਬੰਦੀ ਲਗਾ ਦੇਵੇਗਾ। ਅਧਿਕਾਰਤ ਤੌਰ ‘ਤੇ ਸਵਿਟਜ਼ਰਲੈਂਡ ‘ਚ ਬੁਰਕੇ ‘ਤੇ ਪਾਬੰਦੀ 1 ਜਨਵਰੀ 2025 ਤੋਂ ਸ਼ੁਰੂ ਹੋ ਜਾਵੇਗੀ। ਕਈ ਹੋਰ ਦੇਸ਼ਾਂ ਵਾਂਗ ਸਵਿਟਜ਼ਰਲੈਂਡ ਨੇ ਵੀ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਬੁਰਕੇ ‘ਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਹੈ। ਸਵਿਟਜ਼ਰਲੈਂਡ ਨੇ ਵੀ ਬੁਰਕੇ ‘ਤੇ ਪਾਬੰਦੀ ਲਗਾਉਣ ਦਾ ਕਾਰਨ ਸਮਾਜਿਕ ਸਦਭਾਵਨਾ ਨੂੰ ਦੱਸਿਆ ਹੈ।

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਇਸ ਕਾਨੂੰਨ ਦੀ ਉਲੰਘਣਾ ਕਰਨ ‘ਤੇ 1000 ਸਵਿਸ ਫ੍ਰੈਂਕ ਯਾਨੀ ਲਗਭਗ 96 ਹਜ਼ਾਰ ਰੁਪਏ ਤਕ ਦਾ ਜੁਰਮਾਨਾ ਲਗਾਇਆ ਜਾਵੇਗਾ।

2021 ਵਿਚ ਸਵਿਟਜ਼ਰਲੈਂਡ ਵਿਚ ਹੋਏ ਜਨਮਤ ਸੰਗ੍ਰਹਿ ਵਿਚ 51.21% ਨਾਗਰਿਕਾਂ ਨੇ ਬੁਰਕੇ ‘ਤੇ ਪਾਬੰਦੀ ਲਗਾਉਣ ਦੇ ਪੱਖ ਵਿੱਚ ਵੋਟ ਦਿਤੀ ਸੀ। ਇਸ ਤੋਂ ਬਾਅਦ ਬੁਰਕੇ ‘ਤੇ ਪਾਬੰਦੀ ਨੂੰ ਲੈ ਕੇ ਇਕ ਕਾਨੂੰਨ ਬਣਾਇਆ ਗਿਆ, ਜੋ ਅੱਜ ਯਾਨੀ 1 ਜਨਵਰੀ 2025 (ਨਵਾਂ ਸਾਲ) ਤੋਂ ਲਾਗੂ ਹੋ ਗਿਆ ਹੈ।

ਸਵਿਟਜ਼ਰਲੈਂਡ ਤੋਂ ਪਹਿਲਾਂ ਬੈਲਜੀਅਮ, ਫ਼ਰਾਂਸ, ਡੈਨਮਾਰਕ, ਆਸਟਰੀਆ, ਨੀਦਰਲੈਂਡ ਅਤੇ ਬੁਲਗਾਰੀਆ ਵਿਚ ਵੀ ਬੁਰਕੇ ਸਬੰਧੀ ਕਾਨੂੰਨ ਬਣ ਚੁੱਕੇ ਹਨ। ਇਸ ਕਾਨੂੰਨ ਤੋਂ ਬਾਅਦ ਔਰਤਾਂ ਜਨਤਕ ਦਫ਼ਤਰਾਂ, ਜਨਤਕ ਆਵਾਜਾਈ, ਰੈਸਟੋਰੈਂਟ, ਦੁਕਾਨਾਂ ਅਤੇ ਹੋਰ ਥਾਵਾਂ ‘ਤੇ ਆਪਣੇ ਚਿਹਰੇ ਨੂੰ ਪੂਰੀ ਤਰ੍ਹਾਂ ਢੱਕ ਨਹੀਂ ਸਕਣਗੀਆਂ।

ਕਾਨੂੰਨ 2022 ਵਿੱਚ ਬਣਾਇਆ ਗਿਆ ਸੀ

2022 ਵਿਚ ਨੈਸ਼ਨਲ ਕੌਂਸਲ, ਸਵਿਸ ਸੰਸਦ ਦੇ ਹੇਠਲੇ ਸਦਨ ’ਚ ਚਿਹਰਾ ਢੱਕਣ ‘ਤੇ ਪਾਬੰਦੀ ਲਗਾਉਣ ਲਈ ਇੱਕ ਕਾਨੂੰਨ ਸਬੰਧੀ ਵੋਟਿੰਗ ਹੋਈ। ਇਸ ਦੌਰਾਨ 151 ਮੈਂਬਰਾਂ ਨੇ ਮਤੇ ਦੇ ਹੱਕ ਵਿਚ ਅਤੇ 29 ਮੈਂਬਰਾਂ ਨੇ ਵਿਰੋਧ ਵਿਚ ਵੋਟ ਪਾਈ ਜਿਸ ਤੋਂ ਬਾਅਦ ਇਸ ਸਬੰਧੀ ਕਾਨੂੰਨ ਬਣਾਇਆ ਗਿਆ।

ਇਨ੍ਹਾਂ ਦੇਸ਼ਾਂ ‘ਚ ਬੁਰਕੇ ‘ਤੇ ਪਾਬੰਦੀ ਹੈ

ਬੁਰਕੇ ‘ਤੇ ਪਾਬੰਦੀ ਲਗਾਉਣ ਵਾਲਾ ਤਾਜ਼ਾ ਦੇਸ਼ ਸਵਿਟਜ਼ਰਲੈਂਡ ਹੈ। ਇਸ ਤੋਂ ਇਲਾਵਾ 16 ਦੇਸ਼ਾਂ ਨੇ ਆਪਣੇ ਦੇਸ਼ਾਂ ‘ਚ ਬੁਰਕੇ ‘ਤੇ ਪਾਬੰਦੀ ਲਗਾਈ ਹੋਈ ਹੈ। ਇਨ੍ਹਾਂ ਦੇਸ਼ਾਂ ਵਿੱਚ ਯੂਰਪ, ਏਸ਼ੀਆ ਅਤੇ ਅਫਰੀਕਾ ਸ਼ਾਮਲ ਹਨ। ਟਿਊਨੀਸ਼ੀਆ, ਆਸਟਰੀਆ, ਡੈਨਮਾਰਕ, ਫਰਾਂਸ, ਬੈਲਜੀਅਮ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਬੁਲਗਾਰੀਆ, ਕੈਮਰੂਨ, ਚਾਡ, ਸ਼ਿਕਾਗੋ ਗਣਰਾਜ, ਗੈਬਨ, ਨੀਦਰਲੈਂਡ, ਚੀਨ, ਮੋਰੋਕੋ ਅਤੇ ਸ੍ਰੀਲੰਕਾ।