ਬਿਉਰੋ ਰਿਪੋਰਟ – ਮੋਬਾਈਲ ਫੋਨ ਦੀ ਲਤ (MOBILE PHONE ADDICTION) ਕਿਸੇ ਨਸ਼ੇ ਤੋਂ ਘੱਟ ਨਹੀਂ ਹੈ। ਸੋਸ਼ਲ ਮੀਡੀਆ (SOCIAL MEDIA) ਨੇ ਤਾਂ ਇਸ ਨੂੰ ਹੋਰ ਵਧਾ ਦਿੱਤਾ ਹੈ। ਇਸ ਦਾ ਖ਼ਤਰਨਾਕ ਅਸਰ ਦਿਮਾਗ ਦੇ ਨਾਲ ਛੋਟੇ ਬੱਚਿਆਂ ਦੀਆਂ ਅੱਖਾਂ ’ਤੇ ਵੀ ਪੈਂਦਾ ਹੈ। ਇਸ ਲਈ ਸਵੀਡਨ (Sweden) ਦੀ ਸਰਕਾਰ ਨੇ ਬੱਚਿਆਂ ਲਈ ਫੋਨ ਨੂੰ ਲੈ ਕੇ ਸਖ਼ਤ ਨਿਯਮ ਬਣਾ ਦਿੱਤੇ ਹਨ।
ਇਸ ਦੇ ਮੁਤਾਬਕ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸਕ੍ਰੀਨ ਦੀ ਵਰਤੋਂ ਕਰਨ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਸਰਕਾਰ ਵੱਲੋਂ ਜਾਰੀ ਨਿਰਦੇਸ਼ ਵਿੱਚ ਸਾਫ਼ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਟੀਵੀ ਅਤੇ ਮੋਬਾਈਲ ਫੋਨ ਸਮੇਤ ਕਿਸੇ ਵੀ ਸਕ੍ਰੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ।
ਇਸ ਤੋਂ ਇਲਾਵਾ 2 ਤੋਂ 5 ਸਾਲ ਦੀ ਉਮਰ ਦੇ ਬੱਚੇ ਦਿਨ ਵਿੱਚ ਵੱਧ ਤੋਂ ਵੱਧ ਇੱਕ ਘੰਟੇ ਫ਼ੋਨ ਵਰਤ ਸਕਦੇ ਹਨ। 6 ਤੋਂ 12 ਸਾਲ ਦੀ ਉਮਰ ਦੇ ਬੱਚੇ ਦੋ ਘੰਟੇ ਸਕ੍ਰੀਨ ਦੀ ਵਰਤੋਂ ਕਰ ਸਕਦੇ ਹਨ। ਸਵੀਡਨ ਸਰਕਾਰ ਦੀ ਇਹ ਸਲਾਹ ਇੱਕ ਖੋਜ ਤੋਂ ਬਾਅਦ ਆਈ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਜ਼ਿਆਦਾ ਸਕ੍ਰੀਨ ਦੀ ਵਰਤੋਂ ਨਾਲ ਨੀਂਦ ਪ੍ਰਭਾਵਿਤ ਹੁੰਦੀ ਹੈ। ਤਣਾਅ ਦੇ ਮਾਮਲੇ ਤੇਜੀ ਨਾਲ ਵਧਦੇ ਹਨ।
ਅਮਰੀਕਾ, ਕੈਨੇਡਾ, ਆਇਰਲੈਂਡ, ਆਸਟ੍ਰੇਲੀਆ ਅਤੇ ਫਰਾਂਸ ਪਹਿਲਾਂ ਹੀ ਐਡਵਾਇਜ਼ਰੀ ਜਾਰੀ ਕਰ ਚੁੱਕਾ ਹੈ ਜਦਕਿ ਫਰਾਂਸ ਨੇ ਸਖ਼ਤ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕ੍ਰੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਦਿੱਤੀ ਜਾਣੀ ਚਾਹੀਦੀ।