ਬਿਉਰੋ ਰਿਪੋਰਟ : ਸੁਲਤਾਨਪੁਰ ਲੋਧੀ ਦੇ ਗੁਰਦਆਰਾ ਸਾਹਿਬ ਵਿੱਚ ਪੁਲਿਸ ਦੇ ਵੱਲੋਂ ਚਲਾਈ ਗਈ ਗੋਲੀਆਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫਾਾ ਮੰਗ ਲਿਆ ਹੈ । ਵੀਰਵਾਰ ਨੂੰ SGPC ਦੇ ਵੱਲੋਂ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ ਜਿਸ ਵਿੱਚ ਚਾਰ ਮਤੇ ਪਾਸ ਕੀਤੇ ਗਏ । ਸੀਐੱਮ ਮਾਨ ਖਿਲਾਫ FIR ਦਰਜ ਕਰਨ ਦਾ ਮਤਾ ਪਾਸ ਕੀਤਾ ਗਿਆ।
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਬੈਠਕ ਬੁਲਾਈ ਗਈ ਸੀ ਜਿਸ ਵਿੱਚ SGPC ਮੈਂਬਰਾਂ ਨੇ ਹਿੱਸਾ ਲਿਆ । ਬੈਠਕ ਵਿੱਚ ਕੁੱਲ 4 ਮਤੇ ਪਾਸ ਕੀਤੇ ਗਏ। ਪਹਿਲੇ ਮਤੇ ਵਿੱਚ ਸੀਐੱਮ ਮਾਾਨ ‘ਤੇ ਗੁਰੂਘਰ ਵਿੱਚ ਫਾਇਰਿੰਗ ਦਾ ਇਲਜ਼ਾਮ ਲਗਾਉਂਦੇ ਹੋਏ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਗਈ ਹੈ । ਪ੍ਰਧਾਨ ਧਾਮੀ ਨੇ ਕਿਹਾ ਮੁੱਖ ਮੰਤਰੀ ਮਾਨ ਗ੍ਰਹਿ ਮੰਤਰੀ ਹਨ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਕਿਵੇਂ ਗੋਲੀ ਚੱਲ ਸਕਦੀ ਹੈ । ਦੂਜੇ ਮਤੇ ਵਿੱਚ SGPC ਨੇ CM ਮਾਨ ਦੇ ਖਿਲਾਫ 295 A ਤਹਿਤ FIR ਦਰਜ ਕਰਨ ਦੀ ਮੰਗ ਕੀਤੀ । ਚੌਥੇ ਮਤੇ ਵਿੱਚ ਕਿਹਾ ਗਿਆ ਕਿ ਜੇਕਰ ਸਰਕਾਰ ਕੋਈ ਕਾਰਵਾਈ ਨਹੀਂ ਕਰੇਗੀ ਤਾਂ ਅਦਾਲਤ ਦਾ ਰੁੱਖ ਕੀਤਾ ਜਾਵੇਗਾ। ਪਹਿਲਾਂ ਪੁਲਿਸ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਮੰਗ ਹੋਵੇਗੀ। ਜੇਕਰ ਮੰਗ ਨਹੀਂ ਮੰਨੀ ਤਾਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਵੇਗੀ।
ਰਾਜਪਾਲ ਨੂੰ ਮਿਲੇਗਾ ਵਫਦ
SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸਾਡਾ ਇੱਕ ਵਫਦ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲੇਗਾ । ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਉਹ ਘਟਨਾ ਵਿੱਚ ਸ਼ਾਮਲ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰੇਗਾ । ਧਾਮੀ ਨੇ ਕਿਹਾ ਪਹਿਲਾਂ ਵੀ ਜਾਂਚ ਦੇ ਨਾਂ ‘ਤੇ ਕਈ ਸਾਲਾਂ ਦਾ ਇੰਤਜ਼ਾਰ ਕਰਨਾ ਪਿਆ ਹੈ ।