Punjab

ਮੁਅੱਤਲ DIG ਭੁੱਲਰ ਕੇਸ, ਚਾਰਜਸ਼ੀਟ ਨੇ ਕਈ ਗੱਲਾਂ ਦਾ ਕੀਤਾ ਖੁਲਾਸਾ, ਸੀਬੀਆਈ ਨੇ ਨੋਟਾਂ ਨੂੰ ਰੰਗ ਲਾ ਕੇ ਕੀਤਾ ਗ੍ਰਿਫਤਾਰ

ਸੀਬੀਆਈ ਨੇ ਅੱਜ ਰੁਪਨਗਰ ਰੇਂਜ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਰਿਸ਼ਵਤਖੋਰੀ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਭੁੱਲਰ ਨੂੰ ਸਤੰਬਰ 2025 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਚਾਰਜਸ਼ੀਟ ਵਿੱਚ ਮੁੱਖ ਸਬੂਤ ਵਜੋਂ ਸ਼ਿਕਾਇਤਕਰਤਾ ਆਕਾਸ਼ ਬੱਤਾ, ਵਿਚੋਲੇ ਕ੍ਰਿਸ਼ਨੂ ਅਤੇ ਡੀਆਈਜੀ ਭੁੱਲਰ ਵਿਚਕਾਰ ਹੋਈਆਂ ਕਈ ਗੱਲਬਾਤਾਂ ਦੀਆਂ ਆਡੀਓ ਰਿਕਾਰਡਿੰਗਾਂ ਸ਼ਾਮਲ ਹਨ।

ਇਸ ਤੋਂ ਇਲਾਵਾ ਸਰਹਿੰਦ ਥਾਣੇ ਵਿੱਚ ਆਕਾਸ਼ ਬੱਤਾ ਵਿਰੁੱਧ 29 ਸਤੰਬਰ 2023 ਨੂੰ ਦਰਜ ਐਫਆਈਆਰ ਦੇ ਜਾਂਚ ਅਧਿਕਾਰੀ ਵੱਲੋਂ ਲਿਖੇ ਕੇਸ ਨੋਟਸ, ਸੀਡੀਆਰ, ਟਾਵਰ ਲੋਕੇਸ਼ਨ ਅਤੇ ਹੋਰ ਦਸਤਾਵੇਜ਼ ਵੀ ਸਹਾਇਕ ਸਬੂਤ ਵਜੋਂ ਪੇਸ਼ ਕੀਤੇ ਗਏ ਹਨ।

ਸੀਬੀਆਈ ਨੇ ਡੀਆਈਜੀ ਦੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਸੇਵਾਦਾਰਾਂ ਦੀਆਂ ਗਵਾਹੀਆਂ ਦਰਜ ਕੀਤੀਆਂ ਹਨ ਅਤੇ ਤਿੰਨਾਂ ਵਿਅਕਤੀਆਂ ਦੀਆਂ ਆਵਾਜ਼ਾਂ ਦੀ ਪਛਾਣ ਵੀ ਕਰਵਾਈ ਹੈ। ਹਾਲਾਂਕਿ ਮੋਬਾਈਲ ਫੋਨ, ਵੌਇਸ ਸੈਂਪਲ, ਵਟਸਐਪ ਡਾਟਾ ਤੇ ਰਿਕਾਰਡਿੰਗ ਡਿਵਾਈਸ ਦੀ ਐਫਐਸਐਲ ਰਿਪੋਰਟ ਅਜੇ ਆਈ ਨਹੀਂ ਹੈ।

ਚਾਰਜਸ਼ੀਟ ਮੁਤਾਬਕ ਜਾਂਚ ਅਧਿਕਾਰੀ ਇੰਸਪੈਕਟਰ ਰਣਜੀਤ ਸਿੰਘ ਨੂੰ ਡੀਆਈਜੀ ਭੁੱਲਰ ਨੇ ਆਕਾਸ਼ ਬੱਤਾ ਵਾਲੀ ਐਫਆਈਆਰ ਬਾਰੇ ਪੁੱਛਿਆ ਸੀ ਤੇ ਫਾਈਲ ਮੰਗਵਾਈ ਸੀ, ਜਿਸ ਤੋਂ ਬਾਅਦ ਰਣਜੀਤ ਸਿੰਘ ਨੂੰ ਜਾਂਚ ਤੋਂ ਹਟਾ ਦਿੱਤਾ ਗਿਆ। ਇਹ ਸਮਾਂ ਰਿਸ਼ਵਤ ਦੀਆਂ ਗੱਲਾਂ ਨਾਲ ਪੂਰੀ ਤਰ੍ਹਾਂ ਮਿਲਦਾ ਹੈ।

ਮਾਮਲਾ ਅਗਸਤ 2025 ਵਿੱਚ ਆਕਾਸ਼ ਬੱਤਾ ਵੱਲੋਂ ਸੀਬੀਆਈ ਨੂੰ ਸ਼ਿਕਾਇਤ ਦੇਣ ਨਾਲ ਸ਼ੁਰੂ ਹੋਇਆ। ਸੀਬੀਆਈ ਨੇ ਇੱਕ ਸਬ-ਇੰਸਪੈਕਟਰ ਲਗਾ ਕੇ ਪੂਰੀ ਨਿਗਰਾਨੀ ਕੀਤੀ। ਆਕਾਸ਼ ਨੂੰ ਨਵੇਂ ਮੈਮਰੀ ਕਾਰਡ ਦਿੱਤੇ ਗਏ। ਹਰ ਮੁਲਾਕਾਤ ਦੌਰਾਨ ਸੀਬੀਆਈ ਅਧਿਕਾਰੀ ਨੇੜੇ ਰਹਿੰਦਾ ਸੀ। ਤਿੰਨ ਮੁੱਖ ਆਡੀਓ ਰਿਕਾਰਡਿੰਗਾਂ ਸਬੂਤ ਵਜੋਂ ਰੱਖੀਆਂ ਗਈਆਂ। ਅੰਤ ਵਿੱਚ ਰੰਗੇ ਹੱਥਾਂ ਗ੍ਰਿਫ਼ਤਾਰੀ ਲਈ ਦੋ ਅਧਿਕਾਰੀਆਂ ਨੂੰ ਗਵਾਹ ਬਣਾ ਕੇ ਨੋਟ ਰੰਗੇ ਗਏ ਤੇ ਡੀਆਈਜੀ ਨਾਲ ਫ਼ੋਨ ’ਤੇ ਗੱਲਬਾਤ ਵੀ ਰਿਕਾਰਡ ਕੀਤੀ ਗਈ।