Punjab

ਮੁਅੱਤਲ ਨਾਇਬ ਤਹਿਸੀਲਦਾਰ ਬਹਾਲ, ਰੈਵੇਨਿਊ ਅਫਸਰਾਂ ਦੀ ਪੂਰੇ ਸੂਬੇ ‘ਚ ਹੜਤਾਲ ਖਤਮ

Suspended deputy tehsildar reinstated, strike of revenue officers ended in the entire state

ਚੰਡੀਗੜ੍ਹ : ਪੰਜਾਬਾ ਦੇ ਮਾਲ ਅਫਸਰਾਂ (Revenue Officers) ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ। ਅੱਜ ਸਵੇਰੇ ਵਿੱਤ ਕਮਿਸ਼ਨਰ ਮਾਲ ਨਾਲ ਮੀਟਿੰਗ ਤੋਂ ਬਾਅਦ ਸਰਕਾਰ ਤੇ ਐਸੋਸੀਏਸ਼ਨ ਵਿਚ ਸਹਿਮਤੀ ਬਣ ਗਈ। ਇਸ ਤੋਂ ਬਾਅਦ ਮਾਲ ਅਫ਼ਸਰਾਂ ਨੇ ਹੜਤਾਲ ਵਾਪਸ ਲੈ ਲਈ ਹੈ। ਐਸੋਸੀਏਸ਼ਨ ਦੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਰੱਖੀ ਗਈ ਹੈ।
ਦੱਸ ਦਈਏ ਕਿ ਨਾਇਬ ਤਹਿਸੀਲਦਾਰ ਮੌੜ ਦੀ ਮੁਅੱਤਲੀ ਤੋਂ ਬਾਅਦ ਪੰਜਾਬ ਦੇ ਸਮੂਹ ਰੈਵੀਨਿਓ ਅਫ਼ਸਰਾਂ ਨੇ ਅੱਜ ਤੋਂ ਹੜਤਾਲ ‘ਤੇ ਜਾਣ ਦਾ ਫ਼ੈਸਲਾ ਕੀਤਾ ਸੀ ਅਤੇ ਮੰਗ ਕੀਤੀ ਸੀ ਕਿ, ਨਾਇਬ ਤਹਿਸੀਲਦਾਰ ਮੌੜ ਦੀ ਮੁਅੱਤਲੀ ਸਰਕਾਰ ਵਲੋਂ ਵਾਪਸ ਲਈ ਜਾਵੇ।

ਦੇਰ ਸ਼ਾਮ ਸਰਕਾਰ ਨੇ ਰੈਵੀਨਿਓ ਅਫ਼ਸਰਾਂ ਅੱਗੇ ਝੁਕਦਿਆਂ ਹੋਇਆ ਜਿਥੇ ਨਾਇਬ ਤਹਿਸੀਲਦਾਰ ਮੌੜ ਨੂੰ ਬਹਾਲ ਕਰ ਦਿੱਤਾ ਗਿਆ ਅਤੇ ਮੁਅੱਤਲੀ ਵਾਪਸ ਲੈ ਗਈ, ਉਥੇ ਹੀ ਦੂਜੇ ਪਾਸੇ ਅੱਜ ਸਵੇਰੇ ਪੰਜਾਬ ਦੇ ਰੈਵੀਨਿਓ ਅਫ਼ਸਰਾਂ ਨੇ ਸਰਕਾਰ ਵਲੋਂ ਨਾਇਬ ਤਹਿਸੀਲਦਾਰ ਮੌੜ ਨੂੰ ਬਹਾਲ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ, ਜਿਥੇ ਸੰਘਰਸ਼ ਦੀ ਜਿੱਤ ਦੱਸਿਆ, ਨਾਲ ਹੀ ਹੜਤਾਲ ਵਾਪਸ ਲੈਣ ਦਾ ਵੀ ਐਲਾਨ ਕੀਤਾ।

ਇਹ ਸੀ ਸਾਰਾ ਮਾਮਲਾ

ਬਠਿੰਡਾ ਜ਼ਿਲ੍ਹੇ ਦੀ ਮੌੜ ਮੰਡੀ ਤਹਿਸੀਲ ਵਿੱਚ ਤਾਇਨਾਤ ਨਾਇਬ ਤਹਿਸੀਲਦਾਰ ਕੋਲ ਇੱਕ ਵਿਅਕਤੀ ਰਜਿਸਟਰੀ ਕਰਵਾਉਣ ਲਈ ਆਇਆ। ਪਰ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੇ ਦਸਤਾਵੇਜ਼ ਨਾ ਹੋਣ ਕਾਰਨ ਰਜਿਸਟਰੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਕਤ ਵਿਅਕਤੀ ਸੱਤਾਧਾਰੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮਾਸਟਰਖਾਨਾ ਕੋਲ ਸ਼ਿਕਾਇਤ ਕੀਤੀ।

ਇਸ ’ਤੇ ਵਿਧਾਇਕ ਸੁਖਬੀਰ ਮਾਸਟਰਖਾਨਾ ਨੇ ਨਾਇਬ ਤਹਿਸੀਲਦਾਰ ਨੂੰ ਰਜਿਸਟਰੀ ਕਰਵਾਉਣ ਲਈ ਕਿਹਾ ਪਰ ਨਾਇਬ ਤਹਿਸੀਲਦਾਰ ਨੇ ਕੋਈ ਵੀ ਗਲਤ ਕੰਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਵਿਧਾਇਕ ਦੇ ਇਸ਼ਾਰੇ ’ਤੇ ਮੌੜ ਮੰਡੀ ਦੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਦੀਆਂ ਤਹਿਸੀਲਾਂ ਵਿੱਚ ਅੱਜ ਸੋਮਵਾਰ ਨੂੰ ਸਮੂਹ ਮਾਲ ਅਧਿਕਾਰੀ ਸਮੂਹਿਕ ਛੁੱਟੀ ਲੈ ਕੇ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਸੀ।