Punjab

ਨਰਾਜ਼ਗੀ ਦੇ ਬਾਵਜੂਦ ਰਿੰਕੂ ਨੂੰ ਆਪ ਨੇ ਜਲੰਧਰ ਜ਼ਿਮਨੀ ਚੋਣ ਲਈ ਬਣਾਇਆ ਉਮੀਦਵਾਰ !

ਬਿਊਰੋ ਰਿਪੋਰਟ : 20 ਘੰਟੇ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਟਰੀ ਨੇ ਜਲੰਧਰ ਲੋਕਸਭਾ ਜ਼ਿਮਨੀ ਚੋਣ ਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ । ਬੁੱਧਵਾਰ ਨੂੰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਿੰਕੂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ । ਉਸ ਵੇਲੇ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਪਾਰਟੀ ਸਰਵੇ ਤੋਂ ਬਾਅਦ ਹੀ ਉਮੀਦਵਾਰ ਦਾ ਐਲਾਨ ਕਰੇਗੀ,ਪਰ ਹੈਰਾਨ ਦੀ ਗੱਲ ਇਹ ਹੈ ਕਿ 20 ਘੰਟਿਆਂ ਦੇ ਅੰਦਰ ਹੀ ਸਰਵੇ ਵੀ ਕਰਵਾ ਲਿਆ ਗਿਆ ਅਤੇ ਰਿੰਕੂ ਦੇ ਨਾਂ ‘ਤੇ ਮੋਹਰ ਵੀ ਲਾ ਦਿੱਤੀ ਗਈ ਹੈ । ਦਰਅਸਲ ਕਾਂਗਰਸ ਤੋਂ ਆਪ ਵਿੱਚ ਸ਼ਾਮਲ ਹੋਣ ਦੇ ਲਈ ਸੁਸ਼ੀਲ ਕੁਮਾਰ ਰਿੰਕੂ ਨੇ ਸ਼ਰਤ ਹੀ ਇਹ ਰੱਖੀ ਸੀ ਕਿ ਉਸ ਨੂੰ ਜਲੰਧਰ ਜ਼ਿਮਨੀ ਚੋਣ ਦੇ ਲਈ ਉਮੀਦਵਾਰ ਬਣਾਇਆ ਜਾਵੇ। ਪਾਰਟੀ ਦੇ ਕੋਲ ਜਲੰਧਰ ਲੋਕਸਭਾ ਚੋਣ ਲਈ ਕੋਈ ਵੱਡਾ ਚਿਹਰਾ ਨਹੀਂ ਸੀ । ਰਿੰਕੂ ਤੇਜ਼ਤਰਾਰ ਆਗੂ ਹਨ ਪਾਰਟੀ ਨੂੰ ਇਸ ਦਾ ਫਾਇਦਾ ਮਿਲ ਸਕਦਾ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਰਿੰਕੂ ਨੂੰ ਮੁਬਾਰਕ ਦਿੱਤੀ ਅਤੇ ਉਮੀਦ ਜਤਾਈ ਹੈ ਕਿ ਲੋਕ ਰਿੰਕੂ ਨੂੰ ਜਿੱਤਾਉਣਗੇ । ਪਰ ਰਿੰਕੂ ਦੇ ਆਉਣ ਤੋਂ ਬਾਅਦ ਪਾਰਟੀ ਦੇ ਜਲੰਧਰ ਦੇ ਵਿਧਾਇਕਾਂ ਵਿੱਚ ਨਰਾਜ਼ਗੀ ਵੇਖੀ ਜਾ ਰਹੀ ਹੈ, ਆਪ ਦੀ ਟਿਕਟ ‘ਤੇ ਸ਼ੀਤਲ ਅਨਗੁਰਾਲ ਨੇ ਹੀ ਰਿੰਕੂ ਨੂੰ ਸਾਲ ਪਹਿਲਾਂ ਹਰਾਇਆ ਸੀ । ਹੁਣ ਸੁਸ਼ੀਲ ਰਿੰਕੂ ਦੇ ਪਾਰਟੀ ਵਿੱਚ ਆਉਣ ਤੋਂ ਉਹ ਨਰਾਜ਼ ਹਨ ਹਾਲਾਂਕਿ ਉਨ੍ਹਾਂ ਨੇ ਕਿਹਾ ਪਾਰਟੀ ਦਾ ਹਰ ਫੈਸਲਾ ਮਨਜ਼ੂਰ ਹੈ ਅਤੇ ਉਹ ਰਿੰਕੂ ਨੂੰ ਜਿਤਾਉਣ ਲਈ ਪੂਰੀ ਮਦਦ ਕਰਨਗੇ ।

ਕਾਂਗਰਸ ਨੇ ਕੱਸਿਆ ਤੰਜ

ਪੰਜਾਬ ਕਾਂਗਰਸ ਨੇ ਰਿੰਕੂ ਨੂੰ ਉਮੀਦਵਾਰ ਬਣਾਏ ਜਾਣ ‘ਤੇ ਆਪ ‘ਤੇ ਤੰਜ ਕੱਸਿਆ ਹੈ, ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਦਾਅਵਾ ਕਰਦੀ ਸੀ ਕਿ ਉਹ ਵਲੰਟੀਅਰ ਦੀ ਪਾਰਟੀ ਹੈ ਉਨ੍ਹਾਂ ਨੂੰ ਇੱਕ ਵੀ ਵਲੰਟੀਅਰ ਚੋਣ ਲੜਨ ਦੇ ਲਈ ਨਹੀਂ ਮਿਲਿਆ,92 ਅਨਮੋਲ ਰਤਨ ਵਿੱਚ ਹੀ ਇੱਕ ਵੀ ਨਹੀਂ ਸੀ,ਬੋਰਡ ਦਾ ਚੇਅਰਮੈਨ ਹਜ਼ਾਰਾਂ ਵਲੰਟਰੀਅਰ ਇੱਕ ਹੀ ਅਜਿਹਾ ਨਹੀਂ ਨਹੀਂ ਜੋ ਚੋਣ ਲੜ ਸਕੇ ।

ਹੁਣ ਤੱਕ ਮੈਦਾਨ ਵਿੱਚ ਉਮੀਦਵਾਰ

ਕਾਂਗਰਸ ਨੇ ਜਲੰਧਰ ਜ਼ਿਮਨੀ ਚੋਣ ਦੇ ਲਈ ਸਭ ਤੋਂ ਪਹਿਲਾਂ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਇਆ ਸੀ, ਉਹ ਚੌਧਰੀ ਸੰਤੋਖ ਸਿੰਘ ਦੀ ਪਤਨੀ ਹਨ, ਹੁਣ ਆਮ ਆਦਮੀ ਪਾਰਟੀ ਨੇ ਵੀ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਬਣਾ ਲਿਆ ਹੈ । ਅਕਾਲੀ ਦਲ ਬੀਐੱਸਪੀ ਅਤੇ ਬੀਜੇਪੀ ਨੇ ਹੁਣ ਤੱਕ ਆਪਣਾ ਉਮੀਦਵਾਰ ਨਹੀਂ ਐਲਾਨਿਆ ਹੈ। ਬੀਐੱਸਪੀ ਇਸ ਸੀਟ ‘ਤੇ ਆਪਣਾ ਉਮੀਦਵਾਰ ਖੜਾ ਕਰਨਾ ਚਾਹੁੰਦੀ ਹੈ ਪਰ ਅਕਾਲੀ ਦਲ ਆਪਣਾ ਉਮੀਦਵਾਰ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਹੈ, ਅਕਾਲੀ ਦਲ ਤੋਂ ਪਵਨ ਟੀਨੂੰ ਦਾ ਨਾਂ ਚੱਲ ਰਿਹਾ ਹੈ । ਟੀਨੂੰ 2 ਵਾਰ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ, ਉਹ ਬੀਐੱਸਪੀ ਤੋਂ ਅਕਾਲੀ ਦਲ ਵਿੱਚ ਆਏ ਸਨ ਅਤੇ ਹੋ ਸਕਦਾ ਹੈ ਦੋਵੇ ਪਾਰਟੀਆਂ ਟੀਨੂੰ ਦੇ ਨਾਂ ‘ਤੇ ਮੋਹਰ ਲੱਗਾ ਸਕਦੀ ਹਨ। ਉਧਰ ਬੀਜੇਪੀ ਨੇ ਹੁਣ ਤੱਕ ਕੋਈ ਵੀ ਉਮੀਦਵਾਰ ਤੈਅ ਨਹੀਂ ਕੀਤਾ ਹੈ । 2024 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਜ਼ਿਮਨੀ ਚੋਣ ਹਰ ਇੱਕ ਪਾਰਟੀ ਦੇ ਲਈ ਵਕਾਰ ਦਾ ਸਵਾਲ ਹੈ ।

ਵੋਟਿੰਗ 10 ਮਈ ਨੂੰ ਹੋਵੇਗੀ

ਜਲੰਧਰ ਜ਼ਿਮਨੀ ਚੋਣ ਦੇ ਲਈ ਨਾਮਜ਼ਦਗੀ ਭਰਨ ਦੀ ਤਰੀਕ 13 ਅਪ੍ਰੈਲ ਤੋਂ 20 ਅਪ੍ਰੈਲ ਦੇ ਵਿੱਚ ਹੈ, 10 ਮਈ ਨੂੰ ਵੋਟਿੰਗ ਹੋਵੇਗੀ, 13 ਮਈ ਨੂੰ ਕਰਨਾਟਕਾ ਵਿਧਾਨਸਭਾ ਚੋਣਾਂ ਦੇ ਨਾਲ ਹੀ ਨਤੀਜੇ ਆਉਣਗੇ । ਜਲੰਧਰ ਸੀਟ ਹਮੇਸ਼ਾ ਤੋਂ ਕਾਂਗਰਸ ਦਾ ਗੜ ਰਹੀ ਹੈ । 1999 ਤੋਂ 2019 ਤੱਕ ਕਾਂਗਰਸ ਲਗਾਤਾਰ 20 ਸਾਲ ਤੋਂ ਜਿੱਤ ਰਹੀ ਹੈ। ਅਜਿਹੇ ਵਿੱਚ ਆਮ ਆਦਮੀ ਪਾਰਟੀ,ਅਕਾਲੀ ਦਲ ਅਤੇ ਬੀਜੇਪੀ ਲਈ ਕਾਂਗਰਸ ਨੂੰ ਹਰਾਉਣਾ ਅਸਾਨ ਨਹੀਂ ਹੋਵੇਗਾ । ਉਧਰ ਜਲੰਧਰ ਦੇ ਸਿਆਸੀ ਸਮੀਕਰਨ ਮੁਤਾਬਿਕ ਇੱਥੇ 9 ਵਿਧਾਨਸਭਾ ਸੀਟਾਂ ਹਨ ਜਿੰਨਾਂ ਵਿੱਚੋਂ 5 ‘ਤੇ ਕਾਂਗਰਸ ਦਾ ਕਬਜ਼ਾ ਹੈ ਜਦਕਿ 4 ਹਲਕਿਆਂ ‘ਤੇ ਆਪ ਦੇ ਵਿਧਾਇਕ ਹਨ । ਜਲੰਧਰ ਲੋਕਸਭਾ ਸੀਟ ‘ਤੇ ਡੇਰਿਆਂ ਦਾ ਬਹੁਤ ਵੱਡਾ ਅਸਰ ਹੈ, ਡੇਰਾ ਸੱਚ ਖੰਡ ਬਲਾਂ ਸਭਾ ਤੋਂ ਵੱਡਾ ਡੇਰਾ ਹੈ ਜੋ ਜਲੰਧਰ ਦੀ ਸਿਆਸਤ ਦੀ ਹਵਾ ਤੈਅ ਕਰਦਾ ਹੈ,ਇਸੇ ਲਈ ਚੋਣਾਂ ਦੇ ਨਜ਼ਦੀਕ ਆਉਂਦੇ ਹੀ ਡੇਰਿਆਂ ਦੇ ਗੇੜੇ ਸ਼ੁਰੂ ਹੋ ਗਏ ਹਨ । ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨਾਲ ਪਹੁੰਚੇ ਸਨ । ਇਸ ਤੋਂ ਇਲਾਵਾ ਈਸਾਈ ਭਾਈਚਾਰਾ ਵੀ ਇਸ ਵਾਰ ਆਪਣੀ ਸਿਆਸੀ ਪਾਰਟੀ ਦੇ ਰੂਪ ਵਿੱਚ ਮੈਦਾਨ ਵਿੱਚ ਉਤਰ ਰਿਹਾ ਹੈ। ਜਲੰਧਰ ਵਿੱਚ ਈਆਈ ਭਾਈਚਾਰੇ ਦਾ ਵੱਡਾ ਵੋਟ ਬੈਂਕ ਜਲੰਧਰ ਦੀ ਜਿੱਤ ਹਾਰ ਤੈਅ ਕਰੇਗਾ ।