India Khalas Tv Special Punjab

ਪੰਜਾਬ ਪੁਲਿਸ ਦਾ ਕੌਮੀ ਸਰਵੇ ਵਿੱਚ ਹੋਇਆ ਢਿੱਡ ਨੰਗਾ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੰਜਾਬ ਪੁਲਿਸ ਤੇ ਆਮ ਲੋਕਾਂ ਦਾ ਹਿਰਖ ਮੱਠਾ ਨਹੀਂ ਪੈ ਰਿਹਾ। ਪਵੇ ਵੀ ਕਿਵੇਂ ? ਹਾਲੇ ਵੀ ਨਿੱਤ ਦਿਨ ਤਾਂ ਆ ਰਹੀਆਂ ਨੇ ਪੰਜਾਬ ਪੁਲਿਸ ਦੀਆਂ ਜ਼ਿਆਦਤੀ ਦੀਆਂ ਸ਼ਿਕਾਇਤਾਂ। ਪੁਲਿਸ ਦਾ ਡੰਡਾ ਹਾਲੇ ਵੀ ਲੋਕਾਂ ਨੂੰ ਡਰਾ ਰਿਹਾ ਹੈ। ਗਰੀਬੜੇ ਲੋਕ ਤਾਂ ਹਾਲੇ ਵੀ ਖਾਕੀ ਵਰਦੀ ਵਾਲਾ ਵੇਖ ਕੇ ਰਾਹ ਬਦਲ ਲੈਂਦੇ ਹਨ। ਦੇਸ਼ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਦੀ ਕੌਂਸਲਿੰਗ ਕਰਨ ਦੀ ਨਸੀਹਤ ਦਿੰਦਿਆਂ ਕਹਿ ਦਿੱਤਾ ਹੈ ਕਿ ਇਨ੍ਹਾਂ ਨੂੰ ਸਮਝਾਇਆ ਜਾਵੇ ਕਿ ਜੇ ਮੁਲਜ਼ਮ ਵੀ ਮਨੁੱਖ ਹੁੰਦੇ ਹਨ। ਮੁਲਜ਼ਮਾਂ ਨਾਲ ਮਨੁੱਖਾਂ ਵਾਲਾ ਵਿਵਹਾਰ ਹੋਵੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਪੰਜਾਬ ਪੁਲਿਸ ਨੂੰ ਦਿੱਤੀਆਂ ਨਸੀਹਤਾਂ ਵੀ ਰੰਗ ਨਹੀਂ ਲਿਆ ਸਕੀਆਂ। ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਹੇਠਲਿਆਂ ਨੂੰ ਨਸੀਹਤਾਂ ਤਾਂ ਦੇ ਰਹੇ ਹਨ ਪਰ ਇਨ੍ਹਾਂ ਵਿੱਚੋਂ ਆਪ ਕਈ ਸਾਰੇ ਅਦਾਲਤਾਂ ਦੇ ਗੇੜੇ ਲਗਾ ਰਹੇ ਹਨ। ਗੱਲ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਕਰੀਏ ਤਾਂ 67 ਫ਼ੀਸਦੀ ਸ਼ਿਕਾਇਤਾਂ ਪੁਲਿਸ ਦੇ ਖਿਲਾਫ ਆ ਰਹੀਆਂ ਹਨ। ਮਹਿਲਾ ਕਮਿਸ਼ਨ ਦੀ ਗੱਲ਼ ਕਰੀਏ ਜਾਂ ਅਨੁਸੂਚਿਤ ਜਾਤੀ ਕਮਿਸ਼ਨ ਦੀ, ਹਰ ਪਾਸੇ ਪੰਜਾਬ ਪੁਲਿਸ ਖਿਲਾਫ ਸ਼ਿਕਾਇਤਾਂ ਦੇ ਢੇਰ ਲੱਗੇ ਪਏ ਹਨ। ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚੀਆਂ ਤਿੰਨ ਲੱਖ 58 ਸ਼ਿਕਾਇਤਾਂ ਵਿੱਚੋਂ ਇੱਕ ਲੱਖ 65 ਹਜ਼ਾਰ 587 ਪੁਲਿਸ ਦੇ ਖਿਲਾਫ ਹਨ। ਚਾਲੂ ਸਾਲ ਵਿੱਚ ਕਮਿਸ਼ਨ ਕੋਲ ਜਿੰਨੀਆਂ ਸ਼ਿਕਾਇਤਾਂ ਪਹੁੰਚੀਆਂ ਹਨ, ਉਸ ਤੋਂ ਦੁੱਗਣੀ ਗਿਣਤੀ ਪੰਜਾਬ ਪੁਲਿਸ ਦੀਆਂ ਜ਼ਿਆਦਤੀਆਂ ਦਾ ਦੁੱਖੜਾ ਰੌਂਦੀ ਹੈ।

ਹੁਣ ਇੰਡੀਅਨ ਪੁਲਿਸ ਫਾਊਂਡੇਸ਼ਨ ਦੇ ਸਮਾਰਟ ਪੁਲਿਸ ਸਰਵੇ ਨੇ ਪੰਜਾਬ ਪੁਲਿਸ ਦੇ ਚਿਹਰੇ ਤੋਂ ਫਰੈਂਡਲੀ ਅਤੇ ਹੈਲਪਫੁੱਲ ਹੋਣ ਦੇ ਦਾਅਵੇ ਦਾ ਬੁਰਕਾ ਚੁੱਕ ਦਿੱਤਾ ਹੈ। ਫਾਊਂਡੇਸ਼ਨ ਦੇ ਤਾਜ਼ਾ ਸਰਵੇ ਵਿੱਚ ਪੰਜਾਬ ਦੇ ਲੋਕ ਨਾ ਪੁਲਿਸ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ ਅਤੇ ਨਾ ਹੀ ਇਨ੍ਹਾਂ ਦਾ ਭਰੋਸਾ ਬਣ ਸਕਿਆ ਹੈ। ਸਰਵੇ ਵਿੱਚ ਸ਼ਾਮਿਲ 29 ਰਾਜਾਂ ਵਿੱਚੋਂ ਪੰਜਾਬ ਪੁਲਿਸ 25ਵੇਂ ਥਾਂ ‘ਤੇ ਆ ਡਿੱਗੀ ਹੈ। ਸੰਵੇਦਨਸ਼ੀਲ ਅਤੇ ਤਕਨੀਕ ਪੱਖੋਂ ਪੰਜਾਬ ਪੁਲਿਸ ਹਰਿਆਣਾ ਤੋਂ ਵੀ ਦੋ ਅੰਕਾਂ ਨਾਲ ਪੱਛੜ ਗਈ ਹੈ। ਸਰਵੇ ਵਿੱਚ ਰਾਜਾਂ ਦੀ ਪੁਲਿਸ ਵਿਵਸਥਾ ਨੂੰ ਲੈ ਕੇ ਓਵਰਆਲ ਇੰਡੈਕਸ (Over all Index) ਦੇ ਇਲਾਵਾ 10 ਵੱਖ-ਵੱਖ ਵਰਗਾਂ ਵਿੱਚ ਵੰਡ ਕੇ ਚੀਰ ਫਾੜ ਕੀਤੀ ਗਈ ਸੀ। ਓਵਰ ਆਲ ਕੈਟਾਗਿਰੀ ਦੇ ਸਮਾਰਟ ਪੁਲਿਸ ਇੰਡੈਕਸ ਵਿੱਚ ਆਂਧਰਾ ਪ੍ਰਦੇਸ਼ 8.11 ਅੰਕ ਲੈ ਕੇ ਪ੍ਰਥਮ ਰਿਹਾ ਹੈ। ਉੱਥੇ ਪੰਜਾਬ ਪੁਲਿਸ ਦੇ ਹਿੱਸੇ ਸਿਰਫ਼ 6.7 ਅੰਕ ਹੀ ਆਏ ਹਨ ਅਤੇ 25ਵੇਂ ਸਥਾਨ ਨਾਲ ਸਬਰ ਕਰਨਾ ਪਿਆ। ਗੁਆਂਢੀ ਰਾਜ ਹਰਿਆਣਾ ਦੀ ਪੁਲਿਸ 6.39 ਅੰਕ ਲੈ ਕੇ 18ਵੇਂ ਸਥਾਨ ‘ਤੇ ਰਹੀ ਹੈ। ਬਿਹਾਰ ਪੁਲਿਸ ਦਾ ਸਭ ਤੋਂ ਮਾੜਾ ਹਾਲ ਹੈ। ਲੋਕਾਂ ਦਾ ਵਿਸ਼ਵਾਸ ਜਿੱਤਣ ਵਿੱਚ 5.98 ਅੰਕ ਮਿਲੇ ਹਨ। ਉੱਤਰ ਪ੍ਰਦੇਸ਼ ਪੁਲਿਸ ਦਾ ਇਸ ਤੋਂ ਵੀ ਬੁਰਾ ਹਾਲ ਹੈ ਅਤੇ ਸਿਰਫ 5.59 ਅੰਕ ਮਿਲੇ ਹਨ।

ਆਂਧਰਾ ਪ੍ਰਦੇਸ਼ ਪੁਲਿਸ ਨੰਬਰ ਵਨ ‘ਤੇ ਰਹੀ ਹੈ। ਉਸ ਤੋਂ ਬਾਅਦ ਤੇਲੰਗਾਨਾ, ਅਸਾਮ, ਕੇਰਲ ਅਤੇ ਗੁਜਰਾਤ ਦੇ ਲੋਕ ਉੱਥੋਂ ਦੀ ਪੁਲਿਸ ਤੋਂ ਸੰਤੁਸ਼ਟ ਹਨ। ਸਭ ਤੋਂ ਘੱਟ ਅੰਕ ਲੈਣ ਵਾਲਿਆਂ ਵਿੱਚ ਬਿਹਾਰ ਅਤੇ ਯੂਪੀ ਤੋਂ ਬਿਨਾਂ ਨਾਗਾਲੈਂਡ ਅਤੇ ਝਾਰਖੰਡ ਦਾ ਨਾਂ ਆਇਆ ਹੈ। ਲੋਕਾਂ ਦੀ ਸਹਾਇਤਾ ਕਰਨ ਵਿੱਚ ਵੀ ਆਂਧਰਾ ਪ੍ਰਦੇਸ਼ ਪੁਲਿਸ ਸਭ ਤੋਂ ਅੱਗੇ ਹਨ। ਇਸ ਵਰਗ ਵਿੱਚ ਤੇਲੰਗਾਨਾ, ਅਸਾਮ, ਸਿੱਕਮ ਅਤੇ ਕੇਰਲ ਨੂੰ ਰੱਖਿਆ ਗਿਆ ਹੈ। ਸਭ ਤੋਂ ਖਰਾਬ ਸਥਿਤੀ ਉੱਤਰ ਪ੍ਰਦੇਸ਼, ਪੰਜਾਬ, ਬਿਹਾਰ, ਛੱਤੀਸਗੜ ਅਤੇ ਨਾਗਾਲੈਂਡ ਦੀ ਹੈ।

ਦੱਸ ਦਈਏ ਕਿ ਸਰਵੇ ਵਿੱਚ ਦੇਸ਼ ਭਰ ਦੇ ਇੱਕ ਲੱਖ 61 ਹਜ਼ਾਰ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਸਰਵੇ ਆਨਲਾਈਨ ਅਤੇ ਆਫਲਾਈਨ ਦੋਵੇਂ ਤਰ੍ਹਾਂ ਕੀਤਾ ਗਿਆ। ਸਰਵੇ ਵਿੱਚ ਪ੍ਰਸ਼ਨਾਵਲੀ ਦੇ 10 ਸਿੱਟ ਰੱਖੇ ਗਏ, ਜਿਸਦੇ ਵਿੱਚ ਪੁਲਿਸ ਦੀ ਸੰਵੇਦਨਸ਼ੀਲਤਾ, ਪਹੁੰਚ, ਜਵਾਬਦੇਹੀ ਅਤੇ ਟੈਕਨੋਲੋਜੀ ਬਾਰੇ ਪੁੱਛਿਆ ਗਿਆ। ਇਹ ਵੀ ਪੁੱਛਿਆ ਗਿਆ ਕਿ ਪੁਲਿਸ ਲੋਕਾਂ ਨਾਲ ਕਿਵੇਂ ਪੇਸ਼ ਆਉਂਦੀ ਹੈ ਅਤੇ ਲੋਕਾਂ ਦਾ ਕਿੰਨਾ ਕੁ ਵਿਸ਼ਵਾਸ ਜਿੱਤ ਚੁੱਕੀ ਹੈ। ਸਰਵੇ ਦੇ ਆਧਾਰ ‘ਤੇ ਪ੍ਰਥਮ ਅਸਥਾਨ ਆਂਧਰਾ ਪ੍ਰਦੇਸ਼ ਨੂੰ ਮਿਲਿਆ ਹੈ ਜਦਕਿ ਪੰਜਾਬ ਪਿੱਛਿਓਂ ਚੌਥੇ ਸਥਾਨ ‘ਤੇ ਡਿੱਗਿਆ ਹੈ। ਅਜਿਹੇ ਸਰਵੇ ਕਰਵਾਉਣ ਦਾ ਮਤਲਬ ਜਿੱਥੇ ਕਿਸੇ ਵਿਭਾਗ ਦੀ ਸਹੀ ਤਸਵੀਰ ਪੇਸ਼ ਕਰਨਾ ਹੁੰਦਾ ਹੈ, ਉੱਥੇ ਇਹ ਵੀ ਇਸ਼ਾਰਾ ਕੀਤਾ ਜਾਂਦਾ ਹੈ ਕਿ ਕਿਸ ਪੱਧਰ ਦੇ ਸੁਧਾਰ ਦੀ ਲੋੜ ਜਾਂ ਗੁੰਜਾਇਸ਼ ਬਚਦੀ ਹੈ। ਪੰਜਾਬ ਪੁਲਿਸ ਨੂੰ ਸਮੇਂ-ਸਮੇਂ ਹਲੂਣਾ ਤਾਂ ਦਿੱਤਾ ਜਾਂਦਾ ਰਿਹਾ ਹੈ ਪਰ ਹਾਲੇ ਤੱਕ ਸੁਧਰੀ ਤਸਵੀਰ ਸਾਹਮਣੇ ਨਹੀਂ ਆਈ ਹੈ। ਉਮੀਦ ਕੀਤੀ ਜਾਣੀ ਬਣਦੀ ਹੈ ਕਿ ਸਰਵੇ ਪੰਜਾਬ ਸਰਕਾਰ ਸਮੇਤ ਪੁਲਿਸ ਮੁਖੀ ਦੀਆਂ ਅੱਖਾਂ ਜ਼ਰੂਰ ਖੋਲ੍ਹੇਗਾ।