India Punjab

ਸਰਜੀਕਲ ਸਟ੍ਰਾਈਕ ਹੀਰੋ ਜਨਰਲ ਹੁੱਡਾ ਦੀ ਕਾਰ ਨੂੰ ਪੁਲਿਸ ਕਾਫਲੇ ਦੀ ਗੱਡੀ ਨੇ ਮਾਰੀ ਟੱਕਰ, ਜਾਂਚ ਦੇ ਹੁਕਮ

ਬਿਊਰੋ ਰਿਪੋਰਟ (13 ਨਵੰਬਰ, 2025): ਸਰਜੀਕਲ ਸਟ੍ਰਾਈਕ ਦੇ ਹੀਰੋ ਰਿਟਾਇਰਡ ਲੈਫਟੀਨੈਂਟ ਜਨਰਲ ਡੀ.ਐੱਸ. ਹੁੱਡਾ ਦੀ ਕਾਰ ਨੂੰ ਜ਼ੀਰਕਪੁਰ ਫਲਾਈਓਵਰ ’ਤੇ ਇੱਕ ਵੀ.ਆਈ.ਪੀ. ਕਾਫ਼ਲੇ ਵਿੱਚ ਸ਼ਾਮਲ ਪੰਜਾਬ ਪੁਲਿਸ ਦੀ ਗੱਡੀ ਨੇ ਟੱਕਰ ਮਾਰ ਦਿੱਤੀ। ਜਨਰਲ ਹੁੱਡਾ ਨੇ ਇਲਜ਼ਾਮ ਲਾਇਆ ਕਿ ਟੱਕਰ ਜਾਣਬੁੱਝ ਕੇ ਮਾਰੀ ਗਈ, ਜਿਸ ਨਾਲ ਉਨ੍ਹਾਂ ਦੀ ਕਾਰ ਦੇ ਅਗਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ।

ਜਨਰਲ ਹੁੱਡਾ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਵੀ.ਆਈ.ਪੀ. ਕਾਫ਼ਲੇ ਨੂੰ ਲੰਘਣ ਵਿੱਚ ਕੁਝ ਸਕਿੰਟਾਂ ਦੀ ਦੇਰੀ ਹੋਣ ਕਾਰਨ ਪਿੱਛੇ ਆ ਰਹੀ ਐਸਕਾਰਟ ਜੀਪ ਦਾ ਡਰਾਈਵਰ ਨਾਰਾਜ਼ ਹੋ ਗਿਆ ਅਤੇ ਉਸ ਨੇ ਉਨ੍ਹਾਂ ਦੀ ਗੱਡੀ ਨੂੰ ਓਵਰਟੇਕ ਕਰਦਿਆਂ ਜਾਣਬੁੱਝ ਕੇ ਟੱਕਰ ਮਾਰੀ ਅਤੇ ਬਿਨਾਂ ਰੁਕੇ ਅੱਗੇ ਨਿਕਲ ਗਿਆ। ਉਨ੍ਹਾਂ ਕਿਹਾ ਕਿ ਅਜਿਹੀ ਲਾਪਰਵਾਹੀ ਵਰਦੀ ’ਤੇ ਦਾਗ ਲਾਉਂਦੀ ਹੈ।

ਡੀਜੀਪੀ ਨੇ ਜਤਾਇਆ ਅਫ਼ਸੋਸ, ਜਾਂਚ ਦੇ ਹੁਕਮ

ਇਸ ਮਾਮਲੇ ਤੋਂ ਬਾਅਦ ਪੰਜਾਬ ਪੁਲਿਸ ਐਕਸ਼ਨ ਵਿੱਚ ਆ ਗਈ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਘਟਨਾ ’ਤੇ ਡੂੰਘਾ ਅਫ਼ਸੋਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਵਿਵਹਾਰ ਅਸਵੀਕਾਰਨਯੋਗ ਹੈ ਅਤੇ ਪੰਜਾਬ ਪੁਲਿਸ ਦੇ ਕਦਰਾਂ-ਕੀਮਤਾਂ ਦੇ ਉਲਟ ਹੈ। ਉਨ੍ਹਾਂ ਨੇ ਸਪੈਸ਼ਲ ਡੀਜੀਪੀ ਟ੍ਰੈਫਿਕ ਏ.ਐੱਸ. ਰਾਏ ਨੂੰ ਤੁਰੰਤ ਜਾਂਚ ਸੌਂਪੀ ਹੈ ਅਤੇ ਜ਼ਿੰਮੇਵਾਰ ਕਰਮਚਾਰੀਆਂ ਅਤੇ ਵਾਹਨਾਂ ਦੀ ਪਛਾਣ ਕਰਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਜਨਰਲ ਹੁੱਡਾ ਨੇ ਡੀਜੀਪੀ ਦਾ ਧੰਨਵਾਦ ਕਰਦੇ ਹੋਏ ਲਿਖਿਆ, “ਮੈਂ ਤੁਹਾਡੇ ਜਵਾਬ ਦੀ ਪ੍ਰਸ਼ੰਸਾ ਕਰਦਾ ਹਾਂ। ਪਰ ਕਿਉਂਕਿ ਉੱਥੇ ਡੈਸ਼ ਕੈਮ ਨਹੀਂ ਸੀ, ਇਸ ਲਈ ਉਸ ਵਿਵਹਾਰ ਦੀ ਗੱਲ ਸਾਬਤ ਕਰਨੀ ਪਈ, ਤਾਂ ਮੇਰੀ ਗੱਲ ’ਤੇ ਹੀ ਭਰੋਸਾ ਕਰਨਾ ਹੋਵੇਗਾ।”