ਦਿੱਲੀ : ਪਿਛਲੇ 24 ਦਿਨਾਂ ਤੋਂ ਨਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੋਵਾਲ ਦੇ ਮਾਮਲੇ ’ਤੇ ਅੱਜ ਸੁਪਰੀਮ ਕੋਰਟ ’ਚ ਸੁਣਵਾਈ ਹੋਈ। ਸੁਣਵਾਈ ਕਰਦਿਆਂ SC ਨੇ ਸਖ਼ਤ ਰੁਖ਼ ਅਪਣਾਇਆ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਸਰਕਾਰ ਡੱਲੇਵਾਲ ਨੂੰ ਇੱਕ ਹਫ਼ਤੇ ਦੇ ਲਈ ਹਸਪਤਾਲ ਲਿਜਾਵੇ।
SC ਨੇ ਜਗਜੀਤ ਸਿੰਘ ਡੱਲੇਵਾਲ ਨੂੰ ਇਲਾਜ ਦੌਰਾਨ ਮਰਨ ਵਰਤ ’ਤੇ ਕਿਸੇ ਹੋਰ ਨੂੰ ਬਿਠਾਉਣ ਦੀ ਸਲਾਹ ਦਿੱਤੀ ਹੈ। ਇਸਦੇ ਨਾਲ ਸੁਪਰੀਮ ਕੋਰਟ ਨੇ ਡੱਲੇਵਾਲ ਦੇ ਬਲੱਡ ਟੈਸਟ, ਕੈਂਸਰ ਅਤੇ ਸੀਟੀ ਸਕੈਨ ਰਿਪੋਰਟ ਮੰਗੀ ਹੈ ਅਤੇ ਕੱਲ੍ਹ ਦੁਪਹਿਰ 1 ਵਜੇ ਤੱਕ ਰਿਪੋਰਟ ਸੌਂਪਣ ਦੇ ਆਦੇਸ਼ ਵੀ ਦਿੱਤੇ ਹਨ।
ਦੂਜੇ ਬੰਨੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਪ੍ਰਦਰਸ਼ਨ ਵਾਲੀ ਥਾਂ ਦੇ ਨੇੜੇ ਇੱਕ ਮੇਕ ਸ਼ਿਫਟ ਹਸਪਤਾਲ ਬਣਾਇਆ ਗਿਆ ਸੀ ਅਤੇ ਉੱਥੇ ਮਾਹਿਰ ਡਾਕਟਰ ਰੱਖੇ ਗਏ ਸਨ। ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਡੱਲੇਵਾਲ ਹੁਣ ਠੀਕ ਹਨ, ਉਨ੍ਹਾਂ ਦੀ ਸਿਹਤ ਠੀਕ ਹੈ।
ਇਸ ‘ਤੇ ਅਦਾਲਤ ਨੇ ਪੁੱਛਿਆ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ। ਜਦੋਂ ਉਸ ਦੀ ਜਾਂਚ ਨਹੀਂ ਹੋਈ, ਖੂਨ ਦਾ ਟੈਸਟ ਨਹੀਂ ਹੋਇਆ, ਈਸੀਜੀ ਨਹੀਂ ਕਰਵਾਈ ਗਈ ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਉਹ ਠੀਕ ਹੈ।
ਇਸ ‘ਤੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਅਦਾਲਤ ਨੂੰ ਦੱਸਿਆ ਕਿ ਡੱਲੇਵਾਲ ਸੁਪਰੀਮ ਕੋਰਟ ਤੱਕ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਹਨ। ਅਦਾਲਤ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੀ ਗੱਲ ਸੁਣਨ ਵਿੱਚ ਕੋਈ ਦਿੱਕਤ ਨਹੀਂ ਹੈ। ਪਰ ਸਾਡੀ ਪਹਿਲੀ ਤਰਜੀਹ ਉਨ੍ਹਾਂ ਦੀ ਸਿਹਤ ਹੈ।