ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (UAPA) ਦੇ ਤਹਿਤ ਖ਼ਬਰ ਚੈਨਲ ਨਿਊਜ਼ਕਲਿਕ (NewsClick) ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ (Prabir Purkayastha) ਨੂੰ ਸੁਪਰੀਮ ਕੋਰਟ (Supreme Court) ਨੇ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ‘ਗੈਰ-ਕਾਨੂੰਨੀ’ ਕਰਾਰ ਦੇ ਦਿੱਤਾ ਹੈ ਤੇ ਉਨ੍ਹਾਂ ਦੀ ਰਿਹਾਈ ਦੇ ਹੁਕਮ ਦੇ ਦਿੱਤੇ ਹਨ।
ਜਸਟਿਸ ਬੀ ਆਰ ਗਵਈ ਤੇ ਸੰਦੀਪ ਮਹਿਤਾ ਦੀ ਬੈਂਚ ਨੇ ਇਹ ਹੁਕਮ ਸੁਣਾਇਆ ਹੈ। ਨਿਊਜ਼ ਪੋਰਟਲ ਵਿਰੁੱਧ ਦਰਜ ਐਫਆਈਆਰ ਦੇ ਮੁਤਾਬਕ ਨਿਊਜ਼ਕਲਿੱਕ ਉੱਤੇ ਕਥਿਤ ਤੌਰ ’ਤੇ ‘ਭਾਰਤ ਦੀ ਪ੍ਰਭੂਸੱਤਾ ਵਿੱਚ ਰੁਕਾਵਟ ਪਾਉਣ’ ਤੇ ਦੇਸ਼ ਵਿਰੁਧ ਨਾਰਾਜ਼ਗੀ ਪੈਦਾ ਕਰਨ ਲਈ ਚੀਨ ਤੋਂ ਫੰਡ ਲੈਣ ਦੇ ਇਲਜ਼ਾਮ ਲਾਏ ਗਏ ਹਨ।
ਐਫਆਈਆਰ ਵਿੱਚ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਪੁਰਕਾਯਸਥ ਨੇ ਪੀਪਲਜ਼ ਅਲਾਇੰਸ ਫਾਰ ਡੈਮੋਕ੍ਰੇਸੀ ਐਂਡ ਸੈਕੂਲਰਿਜ਼ਮ (PADS) ਨਾਮ ਦੇ ਸਮੂਹ ਨਾਲ ਮਿਲ ਕੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੀ ਸਾਜਿਸ਼ ਘੜੀ ਸੀ।