ਬਿਉਰੋ ਰਿਪੋਰਟ: ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਾਧਗੁਰੂ ਜੱਗੀ ਵਾਸੂਦੇਵ ਦੀ ਈਸ਼ਾ ਫਾਊਂਡੇਸ਼ਨ ਖ਼ਿਲਾਫ਼ ਪੁਲਿਸ ਜਾਂਚ ਦੇ ਆਦੇਸ਼ ’ਤੇ ਰੋਕ ਲਗਾ ਦਿੱਤੀ ਹੈ। ਸੇਵਾਮੁਕਤ ਪ੍ਰੋਫ਼ੈਸਰ ਐਸ ਕਾਮਰਾਜ ਨੇ ਮਦਰਾਸ ਹਾਈ ਕੋਰਟ ਵਿੱਚ ਫਾਊਂਡੇਸ਼ਨ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ। ਇਲਜ਼ਾਮ ਲਾਇਆ ਸੀ ਕਿ ਉਸ ਦੀਆਂ ਧੀਆਂ ਲਤਾ ਅਤੇ ਗੀਤਾ ਨੂੰ ਆਸ਼ਰਮ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਹੈ।
ਇਸ ਮਾਮਲੇ ’ਤੇ ਸੁਣਵਾਈ ਕਰਦਿਆਂ ਮਦਰਾਸ ਹਾਈ ਕੋਰਟ ਨੇ 30 ਸਤੰਬਰ ਨੂੰ ਕਿਹਾ ਸੀ ਕਿ ਪੁਲਿਸ ਈਸ਼ਾ ਫਾਊਂਡੇਸ਼ਨ ਨਾਲ ਜੁੜੇ ਸਾਰੇ ਅਪਰਾਧਿਕ ਮਾਮਲਿਆਂ ਦੇ ਵੇਰਵੇ ਪੇਸ਼ ਕਰੇ। ਅਗਲੇ ਦਿਨ 1 ਅਕਤੂਬਰ ਨੂੰ ਕਰੀਬ 150 ਪੁਲਿਸ ਮੁਲਾਜ਼ਮ ਜਾਂਚ ਲਈ ਆਸ਼ਰਮ ਪਹੁੰਚੇ ਸਨ।
ਇਸ ਤੋਂ ਬਾਅਦ ਸਾਧਗੁਰੂ ਨੇ ਹਾਈਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ, ਜਿਸ ’ਤੇ ਅੱਜ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ। ਸੀਜੇਆਈ ਡੀਵਾਈ ਚੰਦਰਚੂੜ ਨੇ ਕਿਹਾ ਕਿ ਤੁਸੀਂ ਫੌਜ ਜਾਂ ਪੁਲਿਸ ਨੂੰ ਅਜਿਹੀ ਜਗ੍ਹਾ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦੇ ਸਕਦੇ। ਉਨ੍ਹਾਂ ਦੱਸਿਆ ਕਿ ਦੋਵੇਂ ਲੜਕੀਆਂ 2009 ਵਿੱਚ ਆਸ਼ਰਮ ਵਿੱਚ ਆਈਆਂ ਸਨ। ਉਸ ਸਮੇਂ ਉਨ੍ਹਾਂ ਦੀ ਉਮਰ 24 ਅਤੇ 27 ਸਾਲ ਸੀ। ਉਹ ਉੱਥੇ ਆਪਣੀ ਮਰਜ਼ੀ ਨਾਲ ਰਹਿ ਰਹੀਆਂ ਹਨ।
ਫੈਸਲੇ ਤੋਂ ਪਹਿਲਾਂ ਸੀਜੇਆਈ ਚੰਦਰਚੂੜ ਨੇ ਆਪਣੇ ਚੈਂਬਰ ਵਿੱਚ ਦੋਵੇਂ ਮਹਿਲਾ ਭਿਕਸ਼ੂਆਂ ਨਾਲ ਵੀ ਚਰਚਾ ਕੀਤੀ। ਉਨ੍ਹਾਂ ਵਿੱਚੋਂ ਇੱਕ ਨੇ ਦੱਸਿਆ ਕਿ ਦੋਵੇਂ ਭੈਣਾਂ ਆਪਣੀ ਮਰਜ਼ੀ ਨਾਲ ਈਸ਼ਾ ਯੋਗਾ ਫਾਊਂਡੇਸ਼ਨ ਵਿੱਚ ਹਨ। ਬਲਕਿ ਉਨ੍ਹਾਂ ਖ਼ੁਲਾਸਾ ਕੀਤਾ ਕਿ ਉਨ੍ਹਾਂ ਦਾ ਪਿਤਾ ਪਿਛਲੇ 8 ਸਾਲਾਂ ਤੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਮਾਮਲੇ ਦੀ ਅਗਲੀ ਸੁਣਵਾਈ 18 ਅਕਤੂਬਰ ਨੂੰ ਹੋਵੇਗੀ।