Others

SC ਨੇ ਚੋਣ ਕਮਿਸ਼ਨ ਨੂੰ ਅੰਕੜੇ ਪ੍ਰਕਾਸ਼ਿਤ ਕਰਨ ਦੇ ਹੁਕਮ ਦੇਣ ਤੋਂ ਕੀਤਾ ਇਨਕਾਰ! ਜਾਣੋ ਫਾਰਮ 17C ਦਾ ਸਾਰਾ ਮਾਮਲਾ

Election Commission

ਅੱਜ ਯਾਨੀ 24 ਮਈ ਨੂੰ ਦੇਸ਼ ਵਿੱਚ ਪੰਜ ਪੜਾਵਾਂ ਵਿੱਚ ਹੋਈਆਂ ਚੋਣਾਂ ਦੇ ਵੋਟ ਫ਼ੀਸਦ ਵਿੱਚ ਫ਼ਰਕ ’ਤੇ ਸਵਾਲ ਚੁੱਕਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਅੰਕੜੇ ਪ੍ਰਕਾਸ਼ਿਤ ਕਰਨ ਦਾ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਫਿਲਹਾਲ ਇਸ ਪਟੀਸ਼ਨ ’ਤੇ ਸੁਣਵਾਈ ਕਰਨ ’ਤੇ ਵੀ ਰੋਕ ਲਾ ਦਿੱਤੀ ਹੈ। ਵੋਟ ਪ੍ਰਤੀਸ਼ਤ ਦੀ ਜਾਣਕਾਰੀ ਦੇਣ ਵਿੱਚ ਦੇਰੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਗਏ ਸਨ। ਹਾਲਾਂਕਿ ਚੋਣ ਕਮਿਸ਼ਨ ਨੇ ਇਹ ਸਾਰੇ ਇਲਜ਼ਾਮ ਨਕਾਰ ਦਿੱਤੇ ਹਨ।

ਦੱਸ ਦੇਈਏ ਲੋਕ ਸਭਾ ਚੋਣਾਂ 2024 ਦੇ ਪੰਜ ਪੜਾਵਾਂ ਦੀਆਂ ਵੋਟਾਂ ਪੈ ਚੁੱਕੀਆਂ ਹਨ। ਜਿਵੇਂ ਹੀ ਵੋਟਿੰਗ ਦਾ ਕੋਈ ਪੜਾਅ ਪੂਰਾ ਹੁੰਦਾ ਹੈ ਤਾਂ ਚੋਣ ਕਮਿਸ਼ਨ ਵੋਟਿੰਗ ਨਾਲ ਸਬੰਧਤ ਡਾਟਾ ਜਾਰੀ ਕਰਦਾ ਹੈ। ਪਰ ਇਹ ਅੰਤਿਮ ਅੰਕੜੇ ਨਹੀਂ ਹੁੰਦੇ। ਚੋਣ ਕਮਿਸ਼ਨ ਕਿਸੇ ਵੀ ਪੜਾਅ ਵਿੱਚ ਕੁਝ ਸਮੇਂ ਬਾਅਦ ਵੋਟਿੰਗ ਪ੍ਰਤੀਸ਼ਤ ਦੇ ਅੰਤਿਮ ਅੰਕੜੇ ਜਾਰੀ ਕਰਦਾ ਹੈ। ਇਨ੍ਹਾਂ ਚੋਣਾਂ ਵਿੱਚ ਵਿਰੋਧੀ ਧਿਰ ਤੇ ਕਈ ਮਾਹਿਰ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਸ਼ੁਰੂਆਤੀ ਤੇ ਅੰਤਿਮ ਅੰਕੜਿਆਂ ਵਿੱਚ ਫਰਕ ’ਤੇ ਸਵਾਲ ਚੁੱਕ ਰਹੇ ਹਨ। ਜਿਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਅੱਜ ਇਸ ’ਤੇ ਸੁਣਵਾਈ ਹੋਈ ਹੈ।

ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ‘ਚ ਕੀ ਕਿਹਾ?

ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ADR) ਨੇ ਆਪਣੀ ਪਟੀਸ਼ਨ ਵਿੱਚ ਮੰਗ ਕੀਤੀ ਸੀ ਕਿ ਚੋਣ ਕਮਿਸ਼ਨ ਨੂੰ ਵੋਟਿੰਗ ਦੇ 48 ਘੰਟਿਆਂ ਦੇ ਅੰਦਰ ਹਰੇਕ ਪੋਲਿੰਗ ਬੂਥ ’ਤੇ ਪਈਆਂ ਵੋਟਾਂ ਦਾ ਡਾਟਾ ਜਾਰੀ ਕਰਨਾ ਚਾਹੀਦਾ ਹੈ। ਆਪਣੀ ਪਟੀਸ਼ਨ ਵਿੱਚ, ਏਡੀਆਰ ਨੇ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਫਾਰਮ ਦੀ ਸਕੈਨ ਕੀਤੀ ਕਾਪੀ ਨੂੰ ਅਪਲੋਡ ਕਰਨ ਦੀ ਵੀ ਮੰਗ ਕੀਤੀ ਸੀ।

ਸੁਪਰੀਮ ਕੋਰਟ ਨੇ 17 ਮਈ ਨੂੰ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਸੀ। 22 ਮਈ ਨੂੰ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਕੇ ਜਵਾਬ ਦਿੱਤਾ ਕਿ “ਹਰ ਪੋਲਿੰਗ ਸਟੇਸ਼ਨ ਦੇ ਵੋਟਿੰਗ ਡੇਟਾ ਨੂੰ ਵੈੱਬਸਾਈਟ ’ਤੇ ਜਨਤਕ ਕਰਨ ਨਾਲ ਚੋਣ ਮਸ਼ੀਨਰੀ ਵਿੱਚ ਭੰਬਲਭੂਸਾ ਪੈਦਾ ਹੋਵੇਗਾ। ਇਹ ਮਸ਼ੀਨਰੀ ਪਹਿਲਾਂ ਹੀ ਲੋਕ ਸਭਾ ਚੋਣਾਂ ਲਈ ਕੰਮ ਕਰ ਰਹੀ ਹੈ।”

ਫ਼ਾਰਮ 17ਸੀ ਦੀ ਵਿਵਸਥਾ ਨਾ ਕੀਤੇ ਜਾਣ ਬਾਰੇ ਚੋਣ ਕਮਿਸ਼ਨ ਨੇ ਕਿਹਾ, “ਪੂਰੀ ਜਾਣਕਾਰੀ ਦੇਣਾ ਅਤੇ ਫ਼ਾਰਮ 17ਸੀ ਨੂੰ ਜਨਤਕ ਕਰਨਾ ਵਿਧਾਨਿਕ ਢਾਂਚੇ ਦਾ ਹਿੱਸਾ ਨਹੀਂ ਹੈ। ਇਸ ਨਾਲ ਪੂਰੇ ਚੋਣ ਖੇਤਰ ਵਿੱਚ ਗੜਬੜ ਹੋ ਸਕਦੀ ਹੈ। ਇਹਨਾਂ ਡੇਟਾ ਦੀਆਂ ਤਸਵੀਰਾਂ ਨੂੰ ਮੋਰਫ (ਛੇੜਛਾੜ) ਕੀਤਾ ਜਾ ਸਕਦਾ ਹੈ।

ਫਾਰਮ 17C ਕੀ ਹੈ?

ਸਧਾਰਨ ਭਾਸ਼ਾ ਵਿੱਚ, ਇਸਦਾ ਮਤਲਬ ਹੈ ਕਿ ਇੱਕ ਪੋਲਿੰਗ ਸਟੇਸ਼ਨ ’ਤੇ ਕਿੰਨੀਆਂ ਵੋਟਾਂ ਪਈਆਂ ਹਨ। ਫਾਰਮ 17ਸੀ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਉਪਲਬਧ ਹੈ। ਇਸ ਫਾਰਮ ਵਿੱਚ ਹੇਠ ਲਿਖੀ ਜਾਣਕਾਰੀ ਭਰੀ ਗਈ ਹੈ-

  • EVM ਕਿਹੜੇ ਸੀਰੀਅਲ ਨੰਬਰ ਦੀ ਹੈ?
  • ਪੋਲਿੰਗ ਸਟੇਸ਼ਨ ‘ਤੇ ਵੋਟਰਾਂ ਦੀ ਗਿਣਤੀ ਕਿੰਨੀ ਹੈ?
  • 17-ਏ ਅਧੀਨ ਵੋਟਰਾਂ ਦੇ ਰਜਿਸਟਰ ਵਿੱਚ ਵੋਟਰਾਂ ਦੀ ਗਿਣਤੀ ਕਿੰਨੀ ਹੈ?
  • ਵੋਟਰਾਂ ਦੀ ਗਿਣਤੀ ਜਿਨ੍ਹਾਂ ਨੂੰ ਨਿਯਮ 49-AM ਦੇ ਤਹਿਤ ਵੋਟ ਪਾਉਣ ਦੀ ਇਜਾਜ਼ਤ ਨਹੀਂ ਸੀ।
  • ਵੋਟਿੰਗ ਮਸ਼ੀਨ ਵਿੱਚ ਦਰਜ ਵੋਟਾਂ ਦੀ ਗਿਣਤੀ
  • ਬੈਲਟ ਪੇਪਰਾਂ ਦੀ ਗਿਣਤੀ ਕਿੰਨੀ ਹੈ?
  • ਛੇ ਪੋਲਿੰਗ ਏਜੰਟਾਂ ਦੇ ਦਸਤਖਤ
  • ਚੋਣ ਅਧਿਕਾਰੀ ਦੇ ਦਸਤਖਤ

ਇਸ ਫਾਰਮ ਦਾ ਅਗਲਾ ਹਿੱਸਾ ਵੀ ਹੁੰਦਾ ਹੈ-

  • ਫਾਰਮ 17C ਦੇ ਅਗਲੇ ਹਿੱਸੇ ਦੀ ਵਰਤੋਂ ਵੋਟਾਂ ਦੀ ਗਿਣਤੀ ਵਾਲੇ ਦਿਨ ਕੀਤੀ ਜਾਂਦੀ ਹੈ।
  • ਇਸ ਫਾਰਮ ਵਿੱਚ ਲਿਖਿਆ ਹੁੰਦਾ ਹੈ ਕਿ ਕਿਸੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਮਿਲੀਆਂ ਹਨ।
  • ਕੰਡਕਟ ਆਫ ਇਲੈਕਸ਼ਨ ਰੂਲਜ਼ 1961 ਦੇ 49ਏ ਅਤੇ 56ਸੀ ਦੇ ਤਹਿਤ ਚੋਣ ਅਧਿਕਾਰੀ ਨੂੰ ਫਾਰਮ 17ਸੀ ਦੇ ਭਾਗ-1 ਵਿੱਚ ਵੋਟਾਂ ਬਾਰੇ ਜਾਣਕਾਰੀ ਭਰਨੀ ਪੈਂਦੀ ਹੈ।
  • ਚੋਣ ਅਧਿਕਾਰੀ ਨੇ ਵੋਟਿੰਗ ਖਤਮ ਹੋਣ ਤੋਂ ਬਾਅਦ ਪੋਲਿੰਗ ਏਜੰਟਾਂ ਨੂੰ ਇਹ ਜਾਣਕਾਰੀ ਦੇਣੀ ਹੁੰਦੀ ਹੈ।