‘ਦ ਖ਼ਾਲਸ ਬਿਊਰੋ:- ਕੋਰੋਨਾ ਸੰਕਟ ਦੌਰਾਨ ਯੂਨੀਵਰਸਿਟੀਆਂ ਵਿੱਚ ਆਖਰੀ ਸਾਲ ਦੀ ਪ੍ਰੀਖਿਆਵਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਫੈਸਲਿਆ ਸੁਣਾਇਆ ਹੈ ਕਿ ਆਖਰੀ ਸਾਲ ਦੇ ਪੇਪਰ ਲਏ ਤੋਂ ਬਿਨਾਂ ਕਿਸੇ ਵੀ ਹਾਲਤ ਵਿੱਚ ਵਿਦਿਆਰਥੀਆਂ ਨੂੰ ਪ੍ਰਮੋਟ ਨਹੀ ਕੀਤਾ ਜਾਵੇਗਾ। ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ਕਿ ਵਿਦਿਆਰਥੀਆਂ ਨੂੰ ਆਖਰੀ ਸਾਲ ਦੇ ਪੇਪਰ ਹਰ ਹਾਲਤ ਵਿੱਚ ਦੇਣੇ ਪੈਣਗੇ। ਇਹ ਫੈਸਲਾ ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਸੁਣਾਇਆ ਹੈ।
ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਸੂਬਿਆਂ ਵਿੱਚ ਆਫਤ ਪ੍ਰਬੰਧਨ ਐਕਟ ਲਾਗੂ ਹੈ, ਉਹ ਸੂਬਾ ਸਰਕਾਰਾਂ ਪ੍ਰੀਖਿਆਵਾਂ ਨੂੰ ਮੁਲਤਵੀ ਤਾਂ ਕਰ ਸਕਦੀਆਂ ਹਨ, ਪਰ ਵਿਦਿਆਰਥੀਆਂ ਨੂੰ ਬਿਨਾਂ ਪੇਪਰ ਲਏ ਪ੍ਰਮੋਟ ਨਹੀਂ ਕਰ ਸਕਦੀਆਂ, ਪ੍ਰੀਖਿਆ ਤਾਂ ਦੇਣੀ ਹੀ ਪਵੇਗੀ। ਅਦਾਲਤ ਨੇ ਕਿਹਾ ਕਿ ਜੇਕਰ ਕਿਸੇ ਸੂਬੇ ਨੂੰ ਲੱਗਦਾ ਹੈ ਕਿ ਉਹ ਪ੍ਰੀਖਿਆ ਨਹੀਂ ਕਰਵਾ ਸਕਦੇ ਤਾਂ ਉਹ ਯੂਜੀਸੀ ਕੋਲ ਜਾ ਸਕਦੇ ਹਨ। ਸੁਪਰੀਮ ਕੋਰਟ ਨੇ ਯੂਜੀਸੀ ਦੇ 30 ਸਤੰਬਰ ਤੱਕ ਪ੍ਰੀਖਿਆ ਕਰਵਾਉਣ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

