The Khalas Tv Blog India  “ਛੋਟੇ ਕਿਸਾਨਾਂ ਨੂੰ ਨਹੀਂ, ਵੱਡੀਆਂ ਮੱਛੀਆਂ ਨੂੰ ਫੜੋ”
India

 “ਛੋਟੇ ਕਿਸਾਨਾਂ ਨੂੰ ਨਹੀਂ, ਵੱਡੀਆਂ ਮੱਛੀਆਂ ਨੂੰ ਫੜੋ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੀ ਸਰਬਉੱਚ ਅਦਾਲਤ ਨੇ ਬੈਂਕ ਆਫ਼ ਮਹਾਰਾਸ਼ਟਰ ਵੱਲੋਂ ਇੱਕ ਕਿਸਾਨ ਦੇ ਖ਼ਿਲਾਫ਼ ਪਟੀਸ਼ਨ ਪਾਉਣ ’ਤੇ ਬੈਂਕ ਨੂੰ ਝਾੜ ਪਾਉਂਦਿਆਂ ਕਿਹਾ ਕਿ ਜਾ ਕੇ ਵੱਡੀਆਂ ਮੱਛੀਆਂ ਫੜੋ, ਸੁਪਰੀਮ ਕੋਰਟ ਵਿੱਚ ਅਜਿਹੀਆਂ ਪਟੀਸ਼ਨ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਤੌਰ ’ਤੇ ਤਬਾਹ ਕਰ ਦੇਣਗੀਆਂ। ਇਹ ਟਿੱਪਣੀਆਂ ਜਸਟਿਸ ਡੀ.ਵਾਈ. ਚੰਦਰ ਚੂਹੜ ਤੇ ਜਸਟਿਸ ਸੂਰਿਆਂ ਕਾਂਤ ਨੇ ਕੀਤੀਆਂ।

ਮੱਧ ਪ੍ਰਦੇਸ਼ ਹਾਈ ਕੋਰਟ ਨੇ ਬੈਂਕ ਨੂੰ ਕਿਸਾਨ ਦਾ ਓ. ਟੀ. ਐੱਸ. ਪ੍ਰਸਤਾਵ ਸਵੀਕਾਰ ਕਰਨ ਦਾ ਹੁਕਮ ਦਿੱਤਾ ਸੀ, ਜਿਸ ਦੇ ਖ਼ਿਲਾਫ਼ ਬੈਂਕ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਜਸਟਿਸ ਡੀ. ਵਾਈ. ਚੰਦਰਚੂੜ ਅਤੇ ਜਸਟਿਸ ਸੂਰੀਆਕਾਂਤ ਦੀ ਬੈਂਚ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦੇ 21 ਫਰਵਰੀ, 2022 ਦੇ ਹੁਕਮ ਦਾ ਵਿਰੋਧ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਵੱਡੀਆਂ ਮੱਛੀਆਂ ਦੇ ਪਿੱਛੇ ਜਾਓ। ਸੁਪਰੀਮ ਕੋਰਟ ’ਚ ਇਸ ਤਰ੍ਹਾਂ ਦਾ ਮੁਕੱਦਮਾ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਰੂਪ ਨਾਲ ਖਰਾਬ ਕਰ ਦੇਵੇਗਾ। ਬੈਂਚ ਨੇ ਮੌਖਿਕ ਤੌਰ ’ਤੇ ਟਿੱਪਣੀ ਕਰਦੇ ਹੋਏ ਕਿਹਾ–‘‘ਤੁਸੀਂ ਉਨ੍ਹਾਂ ਲੋਕਾਂ ਖ਼ਿਲਾਫ਼ ਮਾਮਲਾ ਦਰਜ ਨਹੀਂ ਕਰਦੇ ਜੋ ਹਜ਼ਾਰਾਂ ਕਰੋੜ ਰੁਪਏ ਲੁੱਟਦੇ ਹਨ ਪਰ ਕਿਸਾਨਾਂ ਦਾ ਮਾਮਲਾ ਆਉਣ ’ਤੇ ਪੂਰਾ ਕਾਨੂੰਨ ਆ ਜਾਂਦਾ ਹੈ। ਤੁਸੀਂ ਡਾਊਨ ਪੇਮੈਂਟ ਵੀ ਸਵੀਕਾਰ ਕਰ ਲਈ।’’

ਅਸਲ ਵਿੱਚ ਬੈਂਕ ਆਫ਼ ਮਹਾਰਾਸ਼ਟਰ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ ਜਿਸ ਰਾਹੀਂ ਬੈਂਕ ਨੇ ਕਿਸਾਨ ਵੱਲੋਂ 35 ਲੱਖ ਰੁਪਏ ਜਮਾਂ ਕਰਵਾ ਕੇ ਓ ਟੀ ਐਸ ਸਕੀਮ ਤਹਿਤ ਉਸ ਦਾ ਕਰਜ਼ਾ ਖ਼ਤਮ ਕਰਨ ਲਈ ਕਿਹਾ ਸੀ। ਓ ਟੀ ਐਸ ਤਹਿਤ ਕਰਜ਼ਾ 36 ਲੱਖ 50 ਹਜ਼ਾਰ ਬਣਦਾ ਸੀ  ਪਰ ਬਾਅਦ ਵਿਚ ਬੈਂਕ ਦੀ ਐਸਟ ਰਿਕਵਰੀ ਸ਼ਾਖਾ ਨੇ 50 ਲੱਖ 50 ਹਜ਼ਾਰ ਹੋਰ ਮੰਗ ਲਏ। ਇਸ ਦੇ ਖ਼ਿਲਾਫ਼ ਕਿਸਾਨ ਹਾਈਕੋਰਟ  ਚਲਾ ਗਿਆ ਤੇ ਹਾਈ ਕੋਰਟ ਨੇ ਉਸ ਦੇ ਹੱਕ ਵਿਚ ਫ਼ੈਸਲਾ ਦਿੱਤਾ। ਜਿਸ ਕਰਕੇ ਬੈਂਕ ਨੇ ਹਾਈਕੋਰਟ ਦੇ ਫੈਸਲੇ ਖਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਿਸਨੂੰ ਸਰਬਉੱਚ ਅਦਾਲਤ ਨੇ ਅੱਜ ਖ਼ਾਰਜ ਕਰ ਦਿੱਤਾ ਹੈ।

Exit mobile version