Others

ਸੋਸ਼ਲ ਮੀਡੀਆ ‘ਤੇ ਇਸ ਤਰ੍ਹਾਂ ਦੀ ਪੋਸਟ ਪਾਉਣ ਵਾਲਿਆਂ ਦੀ ਖੈਰ ਨਹੀਂ !

ਬਿਉਰੋ ਰਿਪੋਰਟ : ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ‘ਤੇ ਅਸ਼ਲੀਲ ਅਤੇ ਅਪਮਾਨਜਨਕ ਪੋਸਟ ਨੂੰ ਲੈਕੇ ਸਖਤ ਨਿਰਦੇਸ਼ ਜਾਰੀ ਕੀਤੇ ਹਨ । ਜਸਟਿਸ ਬੀ ਆਰ ਗਵਈ ਅਤੇ ਜਸਟਿਸ ਪ੍ਰਸ਼ਾਤ ਕੁਮਾਰ ਦੀ ਬੈਂਚ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਅਪਮਾਨਜਨਕ ਪੋਸਟ ਪਾਉਣ ਵਾਲਿਆਂ ਨੂੰ ਸਜ਼ਾ ਜ਼ਰੂਰ ਮਿਲੇਗੀ ।

ਬੈਂਚ ਨੇ ਕਿਹਾ ਅਜਿਹੇ ਲੋਕ ਮੁਆਫੀ ਮੰਗਣ ਅਤੇ ਅਪਰਾਧਿਕ ਕਾਰਵਾਈ ਤੋਂ ਬਚ ਨਹੀਂ ਸਕਦੇ ਹਨ । ਉਨ੍ਹਾਂ ਨੂੰ ਆਪਣੇ ਵੱਲੋਂ ਕੀਤੀ ਮਾੜੀ ਕਰਤੂਤ ਦਾ ਨਤੀਜਾ ਭੁਗਤਨਾ ਪਏਗਾ । ਕੋਰਟ ਨੇ ਤਮਿਲ ਅਦਾਕਾਰ ਅਤੇ ਸਾਬਕਾ ਵਿਧਾਇਕ ਐਸ ਵੀ ਸੇਖਰ ਦੇ ਖਿਲਾਫ ਮਾਮਲੇ ਨੂੰ ਖਾਰਿਜ ਕਰਨ ਤੋਂ ਮਨਾ ਕਰ ਦਿੱਤਾ ਉਨ੍ਹਾਂ ਨੇ ਇੱਕ ਔਰਤ ਪੱਤਰਕਾਰ ਖਿਲਾਫ ਅਪਮਾਨਜਨਕ ਟਿੱਪਣੀ ਕੀਤੀ ਸੀ ।

ਕੀ ਹੈ ਮਾਮਲਾ ?

2018 ਵਿੱਚ ਸ਼ੇਖਰ ਨੇ ਆਪਣੇ ਫੇਸਬੁੱਕ ‘ਤੇ ਮਹਿਲਾ ਪੱਤਰਕਾਰ ਨੂੰ ਟਾਰਗੇਟ ਕਰਦੇ ਹੋਏ ਅਪਮਾਨਜਨਕ ਟਿਪਣੀ ਕੀਤੀ ਸੀ । ਦਰਅਸਲ ਇੱਕ ਮਹਿਲਾ ਪੱਤਰਕਾਰ ਨੇ ਤਮਿਲਨਾਡੂ ਦੇ ਤਤਕਾਲੀ ਰਾਜਪਾਲ ਜੋ ਕਿ ਇਸ ਵਕਤ ਪੰਜਾਬ ਦੇ ਗਵਰਨਰ ਹਨ ਬਨਵਾਰੀ ਲਾਲ ਪੁਰੋਹਿਤ ‘ਤੇ ਮਾੜੇ ਵਤੀਰੇ ਦਾ ਇਲਜ਼ਾਮ ਲਗਾਇਆ ਸੀ । ਸ਼ੇਖਰ ਨੇ ਮਹਿਲਾ ਪੱਤਰਕਾਰ ਨੂੰ ਲੈਕੇ ਫਿਰ ਆਪਤੀਜਨਕ ਟਿੱਪਣੀ ਫੇਸਬੁੱਕ ‘ਤੇ ਕੀਤੀ ਸੀ। ਉਨ੍ਹਾਂ ਦੀ ਇੱਕ ਪੋਸਟ ਤੋਂ ਬਾਅਦ ਵਿਵਾਦ ਹੋਇਆ ਸੀ । DMK ਨੇ ਉਨ੍ਹਾਂ ਤੋਂ ਅਸਤੀਫਾ ਵੀ ਮੰਗ ਕੀਤੀ ਸੀ । ਸ਼ੇਖਰ ਨੇ ਬਾਅਦ ਵਿੱਚ ਮੁਆਫੀ ਮੰਗ ਲਈ ਸੀ ਅਤੇ ਪੋਸਟ ਨੂੰ ਡਿਲੀਟ ਕਰ ਦਿੱਤਾ ਸੀ ।ਪਰ ਇਸ ਪੋਸਟ ਨੂੰ ਲੈਕੇ ਉਨ੍ਹਾਂ ਦੇ ਖਿਲਾਫ਼ ਤਮਿਲਨਾਡੂ ਵਿੱਚ ਕੇਸ ਦਰਜ ਕੀਤੇ ਗਏ ਸਨ ।

ਕੋਰਟ ਸੁਣਵਾਈ ਦੌਰਾਨ ਅਹਿਮ ਗੱਲਾਂ

ਸ਼ੇਖਰ ਦਾ ਵਕੀਲ – ਜਿਵੇਂ ਹੀ ਸ਼ੇਖਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਨ੍ਹਾਂ ਨੇ ਪੋਸਟ ਡਿਲੀਟ ਕਰਦੇ ਬਿਨਾਂ ਸ਼ਰਤ ਮੁਆਫੀ ਮੰਗ ਲਈ । ਅਦਾਕਾਰ ਨੇ ਕਿਸੇ ਹੋਰ ਦਾ ਪੋਸਟ ਸ਼ੇਅਰ ਕੀਤਾ ਸੀ । ਉਸ ਵੇਲੇ ਉਨ੍ਹਾਂ ਦੀ ਨਜ਼ਰ ਧੁੰਦਲੀ ਸੀ ਕਿਉਂਕਿ ਉਨ੍ਹਾਂ ਨੇ ਅੱਖ ਵਿੱਚ ਦਵਾਈ ਪਾਈ ਸੀ । ਉਹ ਇਹ ਵੇਖ ਨਹੀਂ ਸਕੇ ਕਿ ਪੋਸਟ ਵਿੱਚ ਕੀ ਲਿਖਿਆ ਹੈ । ਸ਼ੇਖਰ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਲੋਕ ਫਾਲੋ ਕਰਦੇ ਹਨ । ਜਿਸ ਦੀ ਵਜ੍ਹਾ ਕਰਕੇ ਪੋਸਟ ਸ਼ੇਅਰ ਕਰਦੇ ਹੀ ਉਹ ਵਾਇਰਲ ਹੋ ਗਈ ।

ਸੁਪਰੀਮ ਕੋਰਟ- ਜੱਜ ਨੇ ਕਿਹਾ ਸ਼ੇਖਰ ਨੇ ਆਖਿਰ ਬਿਨਾਂ ਪੜੇ ਪੋਸਟ ਸੋਸ਼ਲ ਮੀਡੀਆ ‘ਤੇ ਕਿਵੇਂ ਪੋਸਟ ਕਰ ਦਿੱਤਾ । ਕੋਰਟ ਨੇ ਇਸ ਦੇ ਬਾਅਦ ਉਨ੍ਹਾਂ ਖਿਲਾਫ ਚੱਲ ਰਹੇ ਮਾਮਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਾਨੂੰਨ ਦਾ ਸਾਹਮਣਾ ਕਰਨਾ ਹੋਵੇਗਾ । ਜੱਜ ਨੇ ਕਿਹਾ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸਮੇਂ ਧਿਆਨ ਦੇਣਾ ਚਾਹੀਦਾ ਹੈ । ਸੋਸ਼ਲ ਮੀਡੀਆ ਦੀ ਵਰਤੋਂ ਜ਼ਰੂਰੀ ਨਹੀਂ ਹੈ ਜੇਕਰ ਕੋਈ ਕਰਦਾ ਹੈ ਤਾਂ ਉਸ ਨੂੰ ਗਲਤੀ ਦਾ ਖਾਮਿਆਜ਼ਾ ਭੁਗਤਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ।