The Khalas Tv Blog Punjab ਸੰਨੀ ਦਿਉਲ ਨੇ ਕਿਸਾਨਾਂ ਨੂੰ ਕੇਂਦਰ ਸਰਕਾਰ ਦਾ ਸੱਦਾ ਕਬੂਲਣ ਦੀ ਕੀਤੀ ਅਪੀਲ
Punjab

ਸੰਨੀ ਦਿਉਲ ਨੇ ਕਿਸਾਨਾਂ ਨੂੰ ਕੇਂਦਰ ਸਰਕਾਰ ਦਾ ਸੱਦਾ ਕਬੂਲਣ ਦੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ :- ਗੁਰਦਾਸਪੁਰ ਤੋਂ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਸੰਨੀ ਦਿਉਲ ਨੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਕਿਸਾਨਾਂ ਨੂੰ 13 ਨਵੰਬਰ ਨੂੰ ਕੇਂਦਰ ਸਰਕਾਰ ਵੱਲੋਂ ਸੱਦੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਸੰਨੀ ਦਿਉਲ ਨੇ ਟਵੀਟ ਕਰਦੇ ਹੋਏ ਕਿਹਾ ਕਿ ‘ਇਤਿਹਾਸ ਗਵਾਹ ਹੈ ਕਿ ਵੱਡੀ ਤੋਂ ਵੱਡੀ ਮੁਸ਼ਕਲ ਅਤੇ ਵਿਵਾਦ ਦਾ ਹੱਲ ਗੱਲਬਾਤ ਨਾਲ ਨਿਕਲ ਜਾਂਦਾ ਹੈ। ਮੈਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕੇਂਦਰ ਸਰਕਾਰ ਦੇ ਸੱਦੇ ਨੂੰ ਕਬੂਲ ਕਰਨ ਅਤੇ ਇਸ ਦੇ ਹੱਲ ਵੱਲ ਕਦਮ ਵਧਾਉਣ’।

ਕਿਸਾਨ ਜਥੇਬੰਦੀਆਂ ਅੱਜ ਮੀਟਿੰਗ ਕਰਕੇ ਫ਼ੈਸਲਾ ਕਰਨਗੀਆਂ ਕਿ ਉਹ ਕੇਂਦਰ ਦੇ ਸੱਦੇ ‘ਤੇ ਜਾਣਗੇ ਜਾਂ ਨਹੀਂ। ਇਸ ਵਾਰ ਸੱਦਾ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਭੇਜਿਆ ਗਿਆ ਹੈ। ਹਾਲਾਂਕਿ, ਕਈ ਕਿਸਾਨ ਜਥੇਬੰਦੀਆਂ ਨੇ ਸ਼ਰਤ ਰੱਖੀ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਰੇਲ ਸੇਵਾ ਸ਼ੁਰੂ ਨਹੀਂ ਕਰੇਗੀ, ਉਦੋਂ ਤੱਕ ਉਹ ਗੱਲਬਾਤ ਲਈ ਨਹੀਂ ਜਾਣਗੇ। ਕਿਸਾਨ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਕੇਂਦਰ ਆਪ ਉਨ੍ਹਾਂ ਦੇ ਨਾਲ ਟਕਰਾਅ ਦੀ ਸਿਆਸਤ ਕਰ ਰਹੀ ਹੈ।

ਸੰਨੀ ਦਿਉਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਉਨ੍ਹਾਂ ‘ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ‘ਕਿਸਾਨ ਅੰਦੋਲਨ ਨੂੰ ਤੁਸੀਂ ਹਵਾ ਦਿੱਤੀ ਹੈ, ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸ ਨਾਲ ਕਿੰਨਾਂ ਜ਼ਿਆਦਾ ਨੁਕਸਾਨ ਹੋਇਆ ਹੈ। ਸੰਨੀ ਦਿਉਲ ਨੇ ਕਿਹਾ ਕਿ ਰੇਲਵੇ ਬੋਰਡ ਦੀ ਜ਼ਰੂਰਤ ਦੇ ਹਿਸਾਬ ਨਾਲ ਰੇਲ ਟਰੈਕ ਮੁਹੱਈਆ ਕਰਵਾਏ ਜਾਣ ਤਾਂ ਕਿ ਪੰਜਾਬੀਆਂ ਅਤੇ ਪੰਜਾਬ ਦਾ ਆਰਥਿਕ ਨੁਕਸਾਨ ਨਾ ਹੋਵੇ। ਅੰਦੋਲਨ ਲੋਕਤਾਂਤਰਿਕ ਹੱਕ ਹੈ, ਪਰ ਇਸ ਦੀ ਵਜ੍ਹਾ ਕਰਕੇ ਦੂਜੇ ਲੋਕਾਂ ਦੀ ਆਮਦਨ ਦਾ ਸਾਧਨ ਬੰਦ ਨਹੀਂ ਹੋਣਾ ਚਾਹੀਦਾ ਹੈ।

ਸੰਨੀ ਦਿਉਲ ਨੇ ਕਿਹਾ ਕਿ ‘50 ਦਿਨਾਂ ਤੋਂ ਕਿਸਾਨਾਂ ਵੱਲੋਂ ਰੇਲਵੇ ਅਤੇ ਸੜਕੀ ਆਵਾਜਾਈ ਰੋਕੀ ਗਈ ਹੈ। ਇਸ ਦਾ ਬੁਰਾ ਅਸਰ ਪ੍ਰਦੇਸ਼ ਦੇ ਵਪਾਰ, ਕਾਰੋਬਾਰ, ਕਿਸਾਨਾਂ ਦੇ ਨਾਲ ਸਰਕਾਰ ਦੀ ਆਮਦਨ ‘ਤੇ ਵੀ ਪਿਆ ਹੈ। ਸੂਬੇ ਦਾ ਅਰਥਚਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਵਪਾਰ,ਕਾਰੋਬਾਰ ਅਤੇ ਉਦਯੋਗ ਦੇ ਨਾਲ ਐਕਸਪੋਰਟ ਵੀ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਦੀ ਜੀਐੱਸਟੀ ‘ਤੇ ਬੁਰਾ ਅਸਰ ਪਿਆ ਹੈ।

ਸੰਨੀ ਦਿਉਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਦੇ ਹਿੱਤਾਂ ਦੀ ਚਿੰਤਾ ਹੈ। ਉਹ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਇੱਛਾ ਰੱਖਦੇ ਹਨ। ਇਸੇ ਲਈ ਪਹਿਲਾਂ ਖੇਤੀ ਕਾਨੂੰਨ ‘ਤੇ ਅਧਿਕਾਰੀਆਂ ਨਾਲ ਗੱਲਬਾਤ ਕਰਵਾਈ ਅਤੇ ਹੁਣ ਕੇਂਦਰੀ ਮੰਤਰੀਆਂ ਵੱਲੋਂ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਮੈਨੂੰ ਉਮੀਦ ਹੈ ਕਿ ਕੋਈ ਚੰਗਾ ਨਤੀਜਾ ਨਿਕਲੇਗਾ।

Exit mobile version