Manoranjan

ਸੰਨੀ ਦਿਓਲ ਨੇ ਆਪਣੀ ਸਭ ਤੋਂ ਮਸ਼ਹੂਰ ਫ਼ਿਲਮ ਦੇ ਸੀਕਵਲ ਦਾ ਕੀਤਾ ਐਲਾਨ! ਕਿਹਾ ‘ਵਾਅਦਾ ਕੀਤਾ ਸੀ ਵਾਪਸ ਆਵਾਂਗਾ!’

ਬਿਉਰੋ ਰਿਪੋਰਟ – ਅਦਾਕਾਰ ਸੰਨੀ ਦਿਓਲ (Sunny Deol) ਨੇ 1997 ਵਿੱਚ ਰਿਲੀਜ਼ ਆਪਣੀ ਆਲ ਟਾਈਮ ਬਲਾਕਬਸਟਰ ਫ਼ਿਲਮ ਬਾਰਡਰ (BORDER) ਦੇ ਸੀਕਵਲ ਦਾ ਐਲਾਨ ਕਰ ਦਿੱਤਾ ਹੈ। ਸੰਨੀ ਦਿਓਲ ਨੇ ਆਪ ਫ਼ਿਲਮ ਬਾਰੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਲਿਖਿਆ “ਇੱਕ ਫੌਜੀ ਆਪਣੇ 27 ਸਾਲ ਪੁਰਾਣੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਆ ਰਿਹਾ ਹੈ ਮੁੜ ਤੋਂ… ਇੰਡੀਆ ਦੀ ਸਭ ਤੋਂ ਵੱਡਾ ‘WAR’ ਫ਼ਿਲਮ ਬਾਰਡਰ- 2…।”

ਸੰਨੀ ਦਿਓਲ ਵੱਲੋਂ ਜਿਹੜੀ ਵੀਡੀਓ ਸ਼ੇਅਰ ਕੀਤੀ ਗਈ ਹੈ ਉਸ ਵਿੱਚ ਕੋਈ ਤਸਵੀਰ ਨਜ਼ਰ ਨਹੀਂ ਆ ਰਹੀ ਹੈ ਸਿਰਫ਼ ਬੈਕਗਰਾਉਂਡ ਵਿੱਚ ਸੰਨੀ ਦੀ ਅਵਾਜ਼ ਹੀ ਸੁਣਾਈ ਦੇ ਰਹੀ ਹੈ। ਉਹ ਕਹਿੰਦੇ ਹਨ “27 ਸਾਲ ਪਹਿਲਾਂ ਇੱਕ ਫੌਜੀ ਨੇ ਆਪਣਾ ਵਾਅਦਾ ਕੀਤਾ ਸੀ ਉਹ ਵਾਪਸ ਆਵੇਗਾ ਉਸੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਹਿੰਦੂਸਤਾਨ ਦੀ ਮਿੱਟੀ ਨੂੰ ਆਪਣਾ ਸਲਾਮ ਕਰਨ ਆ ਰਿਹਾ ਹਾਂ ਮੁੜ ਤੋਂ …” ਇਸ ਦੇ ਬਾਅਦ ਬੈਕਗਰਾਉਂਡ ਵਿੱਚ ਫਿਲਮ ਦਾ ਗਾਣਾ ‘ਸੰਦੇਸ਼ੇ ਆਤੇ ਹੈ’ ਵੀ ਸੁਣਾਈ ਦਿੰਦਾ ਹੈ।

‘ਬਾਰਡਰ-2’ ਨੂੰ ਜੇ.ਪੀ ਦੱਤਾ ਬਣਾਉਣ ਵਾਲੇ ਸਨ, ਜਿਨ੍ਹਾਂ ਨੇ 1997 ਵਿੱਚ ਬਾਰਡਰ ਨੂੰ ਡਾਇਰੈਕਟ ਕੀਤਾ ਸੀ। ਭੂਸ਼ਣ ਕੁਮਾਰ, ਕ੍ਰਿਸ਼ਣ ਕੁਮਾਰ ਅਤੇ ਜੇ.ਪੀ ਦੱਤਾ ਦੀ ਧੀ ਨਿੱਧੀ ਦੱਤਾ ਵੀ ਇਸ ਫਿਲਮ ਦੇ ਕੋ-ਪ੍ਰੋਡਯੂਸਰ ਹੋਣਗੇ। ਉੱਧਰ ਇਸ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ, ਅਨੁਰਾਗ ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਦੀ ਫਿਲਮ ‘ਕੇਸਰੀ’ ਡਾਇਰੈਕਟ ਕਰ ਚੁੱਕੇ ਹਨ।

‘ਬਾਰਡਰ-2’ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਚਰਚਾ ਹੈ ਕਿ ਇਸ ਨੂੰ 2026 ਵਿੱਚ ਗਣਰਾਜ ਦਿਹਾੜੇ ਮੌਕੇ ਰਿਲੀਜ਼ ਕੀਤਾ ਜਾ ਸਕਦਾ ਹੈ।

ਸੂਤਰਾਂ ਦੇ ਮੁਤਾਬਿਕ ਇਸ ਫਿਮਲ ਵਿੱਚ ਸੰਨੀ ਦਿਉਲ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦੇ ਰੋਲ ਵਿੱਚ ਹੀ ਨਜ਼ਰ ਆਉਣਗੇ ਨਾਲ ਹੀ ਆਯੂਸ਼ਮਾਨ ਖ਼ੁਰਾਨਾ ਵੀ ਲੀਡ ਕਰਨਗੇ। ਬਾਰਡਰ-2 ਦੀ ਸ਼ੂਟਿੰਗ ਅਕਤੂਬਰ ਵਿੱਚ ਸ਼ੁਰੂ ਹੋਵੇਗੀ, ਟੀਮ ਕਾਫ਼ੀ ਲੰਮੇ ਵਕਤ ਤੋਂ ਫ਼ਿਲਮ ਨਾਲ ਜੁੜੀ ਤਿਆਰੀਆਂ ਨੂੰ ਪੂਰਾ ਕਰਨ ਵਿੱਚ ਲੱਗੀ ਹੈ।

ਕੁਝ ਸਮੇਂ ਪਹਿਲਾਂ ਹੀ ਫ਼ਿਲਮ ਵਿੱਚ ਲੀਡ ਐਕਟਰ ਸੰਨੀ ਦਿਉਲ ਨੇ ਰਣਬੀਰ ਅਲਾਹਬਾਦੀਆ ਨੂੰ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਬਾਰਡਰ-2 ਨੂੰ ਪਹਿਲਾਂ 2015 ਵਿੱਚ ਬਣਾਇਆ ਜਾ ਰਿਹਾ ਸੀ। ਮੈਂ ਆਪ ਸੁਣਿਆ ਸੀ ਬਾਰਡਰ-2 ਬਣ ਰਹੀ ਹੈ। ਪਰ ਜਦੋਂ ਮੇਰੀਆਂ ਫ਼ਿਲਮਾਂ ਫਲਾਪ ਹੋਣ ਲੱਗੀਆਂ ਤਾਂ ਲੋਕ ਫ਼ਿਲਮ ਬਣਾਉਣ ਤੋਂ ਡਰਨ ਲੱਗੇ, ਹੁਣ ਸਾਰੇ ਫ਼ਿਲਮ ਬਣਾਉਣਾ ਚਾਹੁੰਦੇ ਹਨ।

ਗਦਰ-2 ਦੀ ਕਾਮਯਾਬੀ ਤੋਂ ਬਾਅਦ ਸੰਨੀ ਦਿਉਲ ਦੀ ਕਿਸਮਤ ਬਦਲ ਗਈ, ਜਲਦ ਹੀ ਸੰਨੀ ‘ਲਾਹੌਰ 1947’, ‘ਬਾਪ’, ‘ਸੂਰਿਆ’, ‘ਅਪਨੇ 2’ ਵਰਗੀਆਂ ਫ਼ਿਲਮਾਂ ਵਿੱਚ ਨਜ਼ਰ ਆਉਣਗੇ।