Punjab

“ਸੋਨੇ ਦਾ ਗਹਿਣਾ ਏ ਜਾਖੜ, ਕਾਂਗਰਸ ਨਾ ਗਵਾਵੇ ਇਹਨੂੰ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੁਨੀਲ ਜਾਖੜ ਦੇ ਪਾਰਟੀ ਛੱਡਦਿਆਂ ਹੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਸ਼ੇਅਰ ਕਰਦਿਆਂ ਕਾਂਗਰਸ ਨੂੰ ਇੱਕ ਖ਼ਾਸ ਅਪੀਲ ਕੀਤੀ ਹੈ। ਸਿੱਧੂ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਜਾਖੜ ਉਹ ਸੋਨੇ ਦਾ ਗਹਿਣਾ ਹੈ, ਜਿਸਨੂੰ ਕਾਂਗਰਸ ਨਾ ਗਵਾਵੇ। ਆਪਣੇ ਟਵੀਟ ਵਿਚ ਸਿੱਧੂ ਨੇ ਲਿਖਿਆ ਕਿ ਕਾਂਗਰਸ ਨੂੰ ਜਾਖੜ ਨੂੰ ਖੋਹਣਾ ਨਹੀਂ ਚਾਹੀਦਾ। ਕਿਸੇ ਵੀ ਮਸਲੇ ਨੂੰ ਟੇਬਲ ਉੱਤੇ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ।

ਸੁਨੀਲ ਜਾਖੜ ਦੇ ਕਾਂਗਰਸ ਛੱਡਣ ਤੋਂ ਬਾਅਦ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਨੇ ਕਾਂਗਰਸ ਨੂੰ ਨਸੀਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਸਾਰਿਆਂ ਦਾ ਹੱਥ ਫੜ ਕੇ ਅੱਗੇ ਚੱਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਆਪਣਿਆਂ ਦਾ ਹੱਥ ਫੜ ਕੇ ਚਲੋ, ਗੈਰਾਂ ਦੇ ਪੈਰ ਫੜਨ ਦੀ ਜ਼ਰੂਰਤ ਨਹੀਂ ਹੈ। ਵੇਰਕਾ ਨੇ ਕਿਹਾ ਕਿ ਜਾਖੜ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿਣਾ ਅੱਜ ਦਾ ਦਿਨ ਦੁਖਦ ਹੈ।

ਕਾਂਗਰਸ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸੁਨੀਲ ਜਾਖੜ ਦੇ ਪਾਰਟੀ ਛੱਡਣ ਦਾ ਸਾਨੂੰ ਬਹੁਤ ਦੁੱਖ ਹੈ। ਉਨ੍ਹਾਂ ਕਿਹਾ ਕਿ ਪਾਰਟੀ ਮਾੜੇ ਸਮੇਂ ਤੋਂ ਗੁਜ਼ਰ ਰਹੀ ਹੈ ਤੇ ਇਸ ਸਮੇਂ ਜਾਖੜ ਨੂੰ ਪਾਰਟੀ ਦੇ ਨਾਲ ਹੋਣਾ ਚਾਹੀਦਾ ਸੀ ਤੇ ਉਨ੍ਹਾਂ ਨੂੰ ਪਾਰਟੀ ਬਾਰੇ ਸੋਚਣਾ ਚਾਹੀਦਾ ਸੀ।

ਕਾਂਗਰਸੀ ਆਗੂ ਕੁਲਦੀਪ ਵੈਦ ਨੇ ਸੁਨੀਲ ਜਾਖੜ ਦੇ ਕਾਂਗਰਸ ਛੱਡਣ ਉੱਤੇ ਕਿਹਾ ਕਿ ਇਹ ਸਾਡੇ ਲਈ ਬਹੁਤ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਜੋ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜਾਖੜ ਨੂੰ ਸਾਰੇ ਕਾਂਗਰਸ ਵਰਕਰਾਂ ਨਾਲ ਮਿਲ ਕੇ, ਸਲਾਹ ਕਰ ਕੇ ਇਹ ਫੈਸਲਾ ਲੈਣਾ ਚਾਹੀਦਾ ਸੀ। ਕਾਂਗਰਸ ਨੂੰ ਹਮੇਸ਼ਾ ਜਾਖੜ ਦੀ ਕਮੀ ਰਹੇਗੀ ਤੇ ਕਾਂਗਰਸ ਨੂੰ ਨੁਕਸਾਨ ਪਹੁੰਚੇਗਾ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਨਹੀਂ ਸੀ ਕਿ ਜਾਖੜ ਇਸ ਤਰ੍ਹਾਂ ਦਾ ਫੈਸਲਾ ਲੈਣਗੇ।