Punjab

“ਮੁਹਾਲੀ ‘ਚ ਬੈਠਾ ਪੰਜਾਬ ਦਾ ਸਭ ਤੋਂ ਅਮੀਰ ਉਮੀਦਵਾਰ, ਦੂਜਾ ਸੁਖਬੀਰ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪ੍ਰੈੱ, ਕਾਨਫਰੰਸ ਕਰਕੇ ਵਿਰੋਧੀਆਂ ਦੀ ਖੂਬ ਝਾੜ-ਝੰਬ ਕੀਤੀ। ਇਸਦੇ ਨਾਲ ਹੀ ਜਾਖੜ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਤੁਸੀਂ ਆਪਣੀ ਪੱਗ ਨੂੰ ਹੱਥ ਪਵਾਉਣਾ ਚਾਹੁੰਦੇ ਹੋ, ਪੰਜਾਬ ਦੀ ਬਰਬਾਦੀ ਵੇਖਣਾ ਚਾਹੁੰਦੇ ਹੋ ਤਾਂ ਫਿਰ ਬੇਸ਼ੱਕ ਬੀਜੇਪੀ ਨੂੰ ਵੋਟ ਪਾ ਦਿਉ। ਜਾਖੜ ਨੇ ਕਿਹਾ ਕਿ ਸੋਚ ਸਮਝ ਕੇ ਵੋਟ ਦਿਉ, ਜੇ ਬੀਜੇਪੀ ਨੂੰ ਦੇਣੀ ਹੈ ਤਾਂ ਫਿਰ ਸਿੱਧੇ ਤੌਰ ‘ਤੇ ਦਿਉ। ਉਨ੍ਹਾਂ ਨੇ ਕਿਹਾ ਕਿ ਸਾਢੇ 700 ਤੋਂ ਵੱਧ ਕਿਸਾਨਾਂ ਨੇ ਕੁਰਬਾਨੀਆਂ ਦਿੱਤੀਆਂ ਹਨ, ਕਿਤੇ ਉਨ੍ਹਾਂ ਦੀ ਕੁਰਬਾਨੀਆਂ ਵਿਅਰਥ ਨਾ ਚਲੇ ਜਾਣ ਜੇ ਪੰਜਾਬ ਦੇ ਲੋਕਾਂ ਨੇ ਭਾਜਪਾ ਨੂੰ ਚੁਣਿਆ।

ਤਿੰਨ ਪਾਰਟੀਆਂ ਦੇ ਦੁਆਲੇ ਹੋਏ ਜਾਖੜ

ਜਾਖੜ ਨੇ ਵਿਰੋਧੀ ਪਾਰਟੀਆਂ ‘ਤੇ ਵਰ੍ਹਦਿਆਂ ਕਿਹਾ ਕਿ ਅਕਾਲੀਆਂ ਨੇ ਪੰਥ ਦੀ ਪਿੱਠ ‘ਤੇ ਛੁਰਾ ਮਾਰਿਆ ਹੈ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅਪੀਲ ਕਰਦਿਆਂ ਕਿਹਾ ਕਿ ਕੇਜਰੀਵਾਲ ਪੰਜਾਬ ਨੂੰ ਧੋਖਾ ਨਾ ਦਿਉ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਬੇਸ਼ੱਕ ਤੁਸੀਂ ਪੰਜਾਬ ਆਉ ਪਰ ਪੰਜਾਬ ਨੂੰ ਬਰਬਾਦ ਨਾ ਕਰੋ। ਮੋਦੀ 14 ਫਰਵਰੀ ਨੂੰ ਪੰਜਾਬ ਆ ਰਹੇ ਹਨ, ਉਹ ਪੰਜਾਬ ਨੂੰ ਜਵਾਬ ਦੇ ਕੇ ਜਾਣ। ਹਾਲਾਂਕਿ, ਜਾਖੜ ਨੇ ਇਹ ਵੀ ਦਾਅਵਾ ਕੀਤਾ ਕਿ ਮੈਂ ਬਾਦਲ ਅਤੇ ਕੈਪਟਨ ਤੋਂ ਰਾਜਨੀਤੀ ਬਾਰੇ ਬਹੁਤ ਕੁੱਝ ਸਿੱਖਿਆ ਹੈ।

ਜਾਖੜ ਨੇ ਕਿਹਾ ਕਿ ਨੱਥਾ ਸਿੰਘ ਅਤੇ ਪ੍ਰੇਮ ਸਿੰਘ ਦੋਵੇਂ ਇੱਕੋ ਹਨ। ਉਨ੍ਹਾਂ ਨਾਲ ਮੌਜੂਦ ਹਿਮਾਂਸ਼ੂ ਪਾਠਕ ਨੇ ਕਿਹਾ ਕਿ ”ਕੇਜਰੀਵਾਲ ਤੇ ਨਰਿੰਦਰ ਮੋਦੀ ਵਿਚਕਾਰ ਇੱਕ ਗੁੱਟਬੰਦੀ ਹੈ”। ਉਨ੍ਹਾਂ ਨੇ ਇਸ ਸਬੰਧੀ ਆਪ ਪਾਰਟੀ ਵੱਲੋਂ ਆਪਣੇ ਅਧਿਕਾਰਿਤ ਵੈੱਬਸਾਈਟ ‘ਤੇ ਸ਼ੇਅਰ ਕੀਤਾ ਇੱਕ ਪੁਰਾਣੇ ਬੈਨਰ ਦੇ ਨਾਲ-ਨਾਲ ਕਈ ਹੋਰ ਲੇਖਾਂ ਦਾ ਹਵਾਲਾ ਦਿੱਤਾ। ਹਿਮਾਂਸ਼ੂ ਪਾਠਕ ਕਾਂਗਰਸ ਨਾਲ ਜੁੜਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਰਹੇ ਹਨ, ਉਹ ਕੋਰ ਬਾਡੀ ਦੇ ਵੀ ਮੈਂਬਰ ਰਹੇ ਹਨ।

ਤਿੰਨੇ ਪਾਰਟੀਆਂ ਪੰਜਾਬ ਤੋਂ ਮੰਗਣ ਮੁਆਫ਼ੀ

ਜਾਖੜ ਨੇ ਕਿਹਾ ਕਿ ਇਨ੍ਹਾਂ ਤਿੰਨਾਂ (ਬੀਜੇਪੀ, ਅਕਾਲੀ ਤੇ ਕੇਜਰੀਵਾਲ) ਨੂੰ ਪੰਜਾਬ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਹ ਤਿੰਨੇ ਕਹਿ ਰਹੀਆਂ ਹਨ ਕਿ ਇਹ ਪੰਜਾਬ ਵਿੱਚ ਸ਼ਾਂਤੀ ਦਾ ਮਾਹੌਲ ਬਣਾਉਣਗੀਆਂ ਪਰ ਪੰਜਾਬ ਵਿੱਚ ਤਾਂ ਕੋਈ ਮਸਲਾ ਹੀ ਨਹੀਂ ਹੈ, ਇਹ ਜਾਣ ਬੁੱਝ ਕੇ ਅਸ਼ਾਂਤੀ ਪੈਦਾ ਕਰ ਰਹੀਆਂ ਹਨ। ਇਹ ਬਦਲਾਅ ਲਿਆਉਣ ਦੀ ਗੱਲ ਕਰ ਰਹੀਆਂ ਹਨ, ਪਰ ਇਹ ਸਾਡੀ ਪੱਗ ਨੂੰ ਹੱਥ ਲਾਉਣ ਵਾਲਾ ਬਦਲਾਅ ਲੈ ਕੇ ਆਉਣਗੇ। ਉਨ੍ਹਾਂ ਨੇ ਸਾਰੇ ਪੰਜਾਬੀਆਂ ਨੂੰ, ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਹ ਇਨ੍ਹਾਂ ਤਿੰਨਾਂ ਦੇ ਚਿਹਰਿਆਂ ਨੂੰ ਬੇਨਕਾਬ ਕਰਨ।

ਮੁਹਾਲੀ ‘ਚ ਬੈਠਾ ਸਭ ਤੋਂ ਵੱਧ ਅਮੀਰ

ਜਾਖੜ ਨੇ ਆਪ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪੰਜਾਬ ਦਾ ਸਭ ਤੋਂ ਅਮੀਰ ਉਮੀਦਵਾਰ ਮੁਹਾਲੀ ਵਿੱਚ ਬੈਠਾ ਹੈ ਜੋ ਆਮ ਆਦਮੀ ਪਾਰਟੀ ਨਾਲ ਸਬੰਧਿਤ ਹੈ। ਦੂਜਾ ਅਮੀਰ ਸਾਡੇ ਸੁਖਬੀਰ ਹਨ। ਇਸ ਲਈ ਇਹ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਹਨ। ਵਿਧਾਇਕਾਂ ‘ਤੇ ਲੱਗਦੇ ਦੋਸ਼ਾਂ ਬਾਰੇ ਬੋਲਦਿਆਂ ਜਾਖੜ ਨੇ ਕਿਹਾ ਕਿ ਕਿਸੇ ਨਾ ਕਿਸੇ ‘ਤੇ ਇਲਜ਼ਾਮ ਲੱਗਦੇ ਰਹਿੰਦੇ ਹਨ ਜਦੋਂ ਤੁਸੀਂ ਜਨਤਾ ਵਿੱਚ ਵਿਚਰਦੇ ਹੋ।

ਮੁੱਖ ਮੰਤਰੀ ਬਾਰੇ ਦੱਸੀ ਆਪਣੇ ਰਾਏ

ਮੈਨੂੰ ਜਦੋਂ ਸੋਨੀਆ ਗਾਂਧੀ ਵਿਰੋਧੀ ਧਿਰ ਦਾ ਨੇਤਾ ਬਣਾ ਰਹੇ ਸੀ ਤਾਂ ਮੈਂ ਉਦੋਂ ਹੀ ਕਿਹਾ ਸੀ ਕਿ ਮੈਨੂੰ ਹਿੰਦੂ ਹੋਣ ਕਰਕੇ ਲੀਡਰ ਨਾ ਬਣਾਇਉ, ਮੇਰੀ ਪਰਫਾਰਮੈਂਸ ਵੇਖ ਕੇ ਬਣਾਉਣਾ। ਮੈਨੂੰ ਹਿੰਦੂ, ਹਿੰਦੁਸਤਾਨੀ ਅਤੇ ਪੰਜਾਬੀ ਹੋਣ ‘ਤੇ ਮਾਣ ਹੈ। ਪੰਜਾਬ ਤੋਂ ਵੱਡਾ ਧਰਮ ਨਿਰਪੱਖ ਸੂਬਾ ਨਹੀਂ ਹੈ। ਸਾਨੂੰ ਕੋਈ ਚੰਗਾ ਬੰਦਾ ਮੁੱਖ ਮੰਤਰੀ ਦੇ ਅਹੁਦੇ ਲਈ ਚਾਹੀਦਾ ਹੈ ਜਿਸਦਾ ਦਿਲ ਪੰਜਾਬ ਦੇ ਲਈ ਧੜਕਦਾ ਹੋਵੇ।

ਖੇਤੀ ਕਾਨੂੰਨਾਂ ਦਾ ਸਭ ਤੋਂ ਪਹਿਲਾਂ ਉਠਾਇਆ ਮੁੱਦਾ

ਕਈ ਮੁੱਦੇ ਹਨ, ਜੋ ਨਹੀਂ ਉਠਾਏ ਜਾਂਦੇ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਸਭ ਤੋਂ ਪਹਿਲਾਂ ਆਵਾਜ਼ ਮੈਂ ਉਠਾਈ ਸੀ। ਕਿਸਾਨਾਂ ਨੂੰ ਮਰਵਾਉਣ ਵਾਲੇ, ਪੰਜਾਬ ਦੀ ਪਿੱਠ ਉੱਤੇ ਛੁਰਾ ਮਾਰਨ ਵਾਲੇ ਹੁਣ ਲੋਕਾਂ ਵਿੱਚ ਕਿਵੇਂ ਜਾਣਗੇ।

ਹਿਜਾਬ ਮੁੱਦੇ ‘ਤੇ ਪ੍ਰਗਟਾਈ ਚਿੰਤਾ

ਹਿਜਾਬ ਮੁੱਦੇ ਬਾਰੇ ਚਿੰਤਾ ਜਾਹਿਰ ਕਰਦਿਆਂ ਜਾਖੜ ਨੇ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ। ਰੌਲਾ ਹਿਜਾਬ ਦਾ ਨਹੀਂ ਹੈ, ਸਾਨੂੰ ਇਹ ਵੇਖਣਾ ਪਵੇਗਾ ਕਿ ਜੇ ਪੰਜਾਬ ਵਿੱਚ ਬੀਜੇਪੀ ਦੇ ਪਿੱਠੂ ਆ ਗਏ ਤਾਂ ਉਸਨੂੰ ਕੌਣ ਸੰਭਾਲੇਗਾ। ਮੈਂ ਤਾਂ ਉਮੀਦ ਕਰ ਰਿਹਾ ਸੀ ਕਿ ਸ਼ਾਇਦ ਇਸ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਫੁਰਮਾਨ ਜਾਰੀ ਹੋਵੇ, ਸ਼੍ਰੋਮਣੀ ਕਮੇਟੀ ਕੁੱਝ ਬੋਲੇ, ਪਰ ਕਿਸੇ ਨੇ ਕੁੱਝ ਨਹੀਂ ਕਿਹਾ। ਅਸੀਂ ਹਰ ਕਿਸੇ ਦੇ ਨਾਲ ਖੜੇ ਹਾਂ। ਕਰਨਾਟਕਾ ਵਿੱਚ ਜੋ ਕੁੱਝ ਵਾਪਰ ਰਿਹਾ ਹੈ, ਉਹ ਕਿਤੇ ਪੰਜਾਬ ਵਿੱਚ ਨਾ ਆ ਜਾਵੇ।