India Punjab

ਜਾਖੜ ਨੇ PM ਮੋਦੀ ’ਤੇ ਸ਼ਾਹ ਨਾਲ ਕੀਤੀ ਮੁਲਾਕਾਤ! ਪੰਜਾਬ ਪ੍ਰਤੀ ਨਜ਼ਰੀਆ ਬਦਲਣ ਦੀ ਦਿੱਤੀ ਸਲਾਹ!

ਬਿਉਰੋ ਰਿਪੋਰਟ – ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ (PUNJAB BJP PRESIDENT SUNIL JAKHAR) ਨੂੰ ਲੈਕੇ ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਜਾਖੜ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM NARINDER MODI) ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ (HOME MINISTER AMIT SHAH) ਨਾਲ ਮੁਲਾਕਾਤ ਹੋਈ ਹੈ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਨੂੰ ਲੈ ਕੇ ਬੀਜੇਪੀ ਨੂੰ ਆਪਣਾ ਨਜ਼ਰੀਆਂ ਬਦਲਣ ਦੀ ਸਲਾਹ ਦਿੱਤੀ ਗਈ ਹੈ। ਸੂਤਰਾਂ ਦੇ ਮੁਤਾਬਿਕ ਜਾਖੜ ਨੇ ਕਿਹਾ ਹੈ ਜੇ ਬੀਜੇਪੀ ਅਜਿਹਾ ਨਹੀਂ ਕਰਦੀ ਹੈ ਤਾਂ ਮੈਂ ਪ੍ਰਧਾਨ ਹੋਵਾਂ ਜਾਂ ਕੋਈ ਹੋਰ ਹੋਵੇ, ਇਸ ਦਾ ਕੋਈ ਮਤਲਬ ਨਹੀਂ ਬਣਦਾ ਹੈ।

‘ਅਕਾਲੀ ਦਲ ਵਰਗਾ ਹਾਲ ਨਾ ਹੋਵੇ’

ਸੂਤਰਾਂ ਦੇ ਮੁਤਾਬਿਕ ਜਾਖੜ ਨੇ ਜਿਹੜੇ ਮੁੱਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਚੁੱਕੇ ਹਨ ਉਸ ਵਿੱਚ ਸਭ ਤੋਂ ਅਹਿਮ ਹੈ ਸੌਦਾ ਸਾਧ ਨੂੰ ਵਾਰ-ਵਾਰ ਮਿਲਣ ਵਾਲੀ ਪੈਰੋਲ ਹੈ, ਬੇਅੰਤ ਸਿੰਘ ਦੀ ਬਰਸੀ ਮੌਕੇ ਵੀ ਜਾਖੜ ਨੇ ਕਿਹਾ ਸੀ ਕਿ ਜੇ ਰਾਮ ਰਹੀਮ ਨੂੰ ਕੋਈ ਛੇੜੇਗਾ ਤਾਂ ਉਸ ਦਾ ਹਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਵਰਗਾ ਹੀ ਹੋਵੇਗੀ। ਸਾਨੂੰ ਅਕਾਲੀ ਦਲ ਤੋਂ ਸਬਕ ਲੈਣ ਦੀ ਜ਼ਰੂਰਤ ਹੈ। ਇਸ ਨਾਲ ਪੰਜਾਬ ਦਾ ਨੁਕਸਾਨ ਹੋਵੇਗਾ ਅਤੇ ਵੱਖਵਾਦੀ ਤਾਕਤਾਂ ਨੂੰ ਹੁੰਗਾਰਾ ਮਿਲੇਗਾ।

ਇਸ ਤੋਂ ਇਲਾਵਾ ਜਦੋਂ ਪਿਛਲੇ ਸਾਲ ਖਾਲਸਾ ਏਡ (KHALSA AID) ਵਰਗੀ ਸੰਸਥਾ ਦੇ ਪੰਜਾਬ ਮੁਖੀ ਘਰ ਈਡੀ (ED) ਦੀ ਰੇਡ ਹੋਈ ਤਾਂ ਵੀ ਜਾਖੜ ਨੇ ਪਾਰਟੀ ਤੋਂ ਵੱਖ ਸਟੈਂਡ ਲੈਂਦੇ ਹੋਏ ਕਿਹਾ ਸੀ ਕਿ ਇਹ ਸੰਸਥਾ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੀ ਹੈ। ਸਾਨੂੰ ਅਜਿਹੀ ਸੰਸਥਾਵਾਂ ਖ਼ਿਲਾਫ਼ ਕਾਰਵਾਈ ਨਹੀਂ ਕਰਨੀ ਚਾਹੀਦੀ ਹੈ। ਜਾਖੜ ਨੇ ਉਸ ਵੇਲੇ ਇਸ ਮਸਲੇ ’ਤੇ ਗ੍ਰਹਿ ਅਮਿਤ ਸ਼ਾਹ ਨਾਲ ਵੀ ਗੱਲ ਕੀਤੀ ਸੀ।

ਕਿਸਾਨਾਂ ਦੇ ਮੁੱਦੇ ਹਲ ਨਹੀਂ ਹੋਏ

ਇਸ ਤੋਂ ਕਿਸਾਨਾਂ ਨੂੰ ਲੈਕੇ ਜਿਹੜੇ ਮਸਲੇ ਹਨ ਉਸ ’ਤੇ ਵੀ ਸੁਨੀਲ ਜਾਖੜ ਨੇ ਹਾਈਕਮਾਨ ਨੂੰ ਕਈ ਵਾਰ ਅਪੀਲ ਕੀਤੀ ਹੈ ਕਿ ਸਾਨੂੰ ਮਸਲੇ ਦਾ ਹੱਲ ਕੱਢਣਾ ਚਾਹੀਦੀ ਹੈ, ਬੇਵਜ੍ਹਾ ਬਿਆਨਬਾਜ਼ੀਆਂ ਨਾਲ ਲੋਕਾਂ ਵਿੱਚ ਪਾਰਟੀ ਦਾ ਅਕਸ ਖ਼ਰਾਬ ਹੁੰਦਾ ਹੈ।

ਕੰਗਨਾ ਦੀ ਬਿਆਨਬਾਜ਼ੀ ਨਾਲ ਨੁਕਸਾਨ

ਮੰਡੀ ਤੋਂ ਬੀਜੇਪੀ ਦੀ ਐੱਮਪੀ ਕੰਗਨਾ ਰਣੌਤ(KANGNA RANAUT) ਦੇ ਬਿਆਨਾਂ ਨੇ ਵੀ ਬੀਜੇਪੀ ਦਾ ਪੰਜਾਬ ਵਿੱਚ ਗਰਾਫ ਕਾਫੀ ਖ਼ਰਾਬ ਕੀਤਾ ਹੈ। ਇਸ ਮਸਲੇ ’ਤੇ ਵੀ ਜਾਖੜ ਨੇ ਕੇਂਦਰੀ ਲੀਡਰਸ਼ਿੱਪ ਨਾਲ ਗੱਲ ਕੀਤੀ ਹੈ। ਪਹਿਲਾਂ ਕਿਸਾਨਾਂ ਨੂੰ ਅੱਤਵਾਦੀ ਕਹਿਣਾ ਫਿਰ ਫਿਲਮ ਵਿੱਚ ਸੰਤ ਭਿੰਡਰਾਂਵਾਲਾ ਨੂੰ ਗ਼ਲਤ ਵਿਖਾਉਣਾ ਅਤੇ ਹੁਣ ਪੰਜਾਬ ਦੇ ਲੋਕਾਂ ਨੂੰ ਹਿਮਾਚਲ ਵਿੱਚ ਨਸ਼ੇ ਦਾ ਜ਼ਿੰਮੇਵਾਰ ਠਹਿਰਾਉਣਾ। ਕੰਗਨਾ ਦੇ ਬਿਆਨ ਨਾਲ ਵੀ ਪਾਰਟੀ ਨੂੰ ਕਾਫ਼ੀ ਨੁਕਸਾਨ ਹੋਇਆ ਹੈ।

ਦਿੱਲੀ ਤੋਂ ਹੋਣ ਵਾਲੇ ਫੈਸਲਿਆਂ ਨਾਲ ਇਤਰਾਜ਼

ਇਸ ਤੋਂ ਇਲਾਵਾ ਸੂਤਰਾਂ ਮੁਤਾਬਿਕ ਸੁਨੀਲ ਜਾਖੜ ਨੇ ਦਿੱਲੀ ਤੋਂ ਪੰਜਾਬ ਨੂੰ ਲੈ ਕੇ ਕੀਤੇ ਜਾਣ ਵਾਲੇ ਫੈਸਲਿਆਂ ’ਤੇ ਵੀ ਇਤਰਾਜ਼ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਲੋਕਸਭਾ ਚੋਣਾਂ ਦਾ ਵੀ ਹਵਾਲਾ ਦਿੱਤਾ ਕਿ ਕਿਸ ਤਰ੍ਹਾਂ ਦਿੱਲੀ ਵਿੱਚ ਆਗੂਆਂ ਨੂੰ ਸ਼ਾਮਲ ਕਰਵਾਇਆ ਗਿਆ ਜਿਸ ਬਾਰੇ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ। ਪੰਜਾਬ ਵਿੱਚ ਦਿੱਲੀ ਤੋਂ ਆ ਰਹੇ ਲੋਕ ਸੰਗਠਨ ਚਲਾ ਰਹੇ ਹਨ ਉਨ੍ਹਾਂ ਦੀ ਸਲਾਹ ਨਹੀਂ ਲਈ ਜਾਂਦੀ ਹੈ। ਰਵਨੀਤ ਸਿੰਘ ਬਿੱਟੂ ਨੂੰ ਜਿਸ ਤਰ੍ਹਾਂ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਅਤੇ ਫਿਰ ਹਾਰਨ ਦੇ ਬਾਵਜੂਦ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ ਉਹ ਵੀ ਕਿਧਰੇ ਨਾ ਕਿਧਰੇ ਜਾਖੜ ਨੂੰ ਚੰਗਾ ਨਹੀਂ ਲੱਗਿਆ।

ਬੀਜੇਪੀ ਦੀ ਪੰਜਾਬ ਵਿੱਚ ਮੈਂਬਰਸ਼ਿਪ ਘਟੀ

ਜਾਖੜ ਨੇ ਕਿਹਾ ਇਨ੍ਹਾਂ ਸਾਰਿਆਂ ਦਾ ਸਿੱਟਾ ਇਹ ਹੋਇਆ ਹੈ ਕਿ ਪਿਛਲੀ ਵਾਰ ਜਦੋਂ ਪੰਜਾਬ ਵਿੱਚ ਬੀਜੇਪੀ ਨੇ ਮੈਂਬਰਸ਼ਿਪ ਮੁਹਿੰਮ ਛੇੜੀ ਸੀ ਤਾਂ 20 ਲੱਖ ਲੋਕ ਮੈਂਬਰ ਬਣੇ ਸਨ ਇਸ ਵਾਰ ਸਿਰਫ਼ 3 ਲੱਖ ਬਣੇ ਹਨ ਇਸੇ ਲਈ ਪੰਚਾਇਤੀ ਚੋਣਾਂ ਦੇ ਨਾਂ ’ਤੇ ਬੀਜੇਪੀ ਨੇ ਮੈਂਬਰਸ਼ਿਪ ਅਭਿਆਨ ਰੋਕ ਦਿੱਤਾ ਹੈ।

ਉੱਧਰ ਬੀਜੇਪੀ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਵੀ ਟੀਵੀ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਂ ਜਾਖੜ ਸਾਹਿਬ ਦੀਆਂ ਗੱਲਾਂ ਤੋਂ ਸਹਿਮਤ ਹਾਂ। ਉਨ੍ਹਾਂ ਕਿਹਾ ਕਿ ਲੋਕ ਸਾਡੇ ਨਾਲ ਲੱਗਣਾ ਚਾਹੁੰਦੇ ਹਾਂ ਪਰ ਅਸੀਂ ਉਨ੍ਹਾਂ ਨੂੰ ਲਗਾ ਨਹੀਂ ਪਾ ਰਹੇ ਹਾਂ। ਗਰੇਵਾਲ ਨੇ ਕਿਹਾ ਹਾਈਕਮਾਨ ਕੋਲ ਜਿਹੜੇ ਲੋਕ ਜਾਂਦੇ ਹਨ, ਉਨ੍ਹਾਂ ਨੂੰ ਪੰਜਾਬ ਦੀ ਸਮਝ ਤੱਕ ਨਹੀਂ ਹੈ।