ਬਿਉਰੋ ਰਿਪੋਰਟ : 1 ਅਗਸਤ ਨੂੰ ਪੰਜਾਬ ਦੀਆਂ 15 ਥਾਵਾਂ ‘ਤੇ NIA ਵੱਲੋਂ ਕੀਤੀ ਗਈ ਰੇਡ ਤੋਂ ਬਾਅਦ ਹੁਣ ਇਸ ‘ਤੇ ਸਿਆਸਤ ਗਰਮਾ ਗਈ ਹੈ । ਖਾਸ ਕਰਕੇ ਜਿਸ ਤਰ੍ਹਾਂ ਲੋਕ ਭਲਾਈ ਦੇ ਕੰਮ ਕਰਨ ਵਾਲੀ ਸੰਸਥਾ ਖਾਲਸਾ ਏਡ ਦੇ ਗੁਦਾਮਾਂ ਅਤੇ ਜਥੇਬੰਦੀ ਦੇ ਏਸ਼ੀਅਨ ਪੈਸੇਫਿਕ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਦੇ ਘਰ ਰੇਡ ਮਾਰੀ ਗਈ ਹੈ । ਉਸ ਦਾ ਸਿਆਸੀ ਪਾਰਟੀਆਂ ਨੇ ਸਖਤ ਨੇਟਿਸ ਲਿਆ ਹੈ। ਦੱਸਿਆ ਜਾ ਰਿਹਾ ਹੈ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਖਾਲਸਾ ਏਡ ‘ਤੇ ਹੋਈ ਰੇਡ ਦੇ ਬਾਰੇ ਆਪ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ ਹੈ । ਉਨ੍ਹਾਂ ਕਿਹਾ ਹੈ ਕਿ ਖਾਲਸਾ ਏਡ ਲੋਕ ਭਲਾਈ ਦੇ ਕੰਮ ਕਰਦੀ ਹੈ,ਦੇਸ਼ ਅਤੇ ਵਿਦੇਸ਼ ਜਿੱਥੇ ਵੀ ਮੁਸ਼ਕਿਲਾਂ ਆਉਂਦੀ ਹੈ ਅੱਗੇ ਵੱਧ ਕੇ ਕੰਮ ਕਰਦੀ ਹੈ ਅਜਿਹੇ ਵਿੱਚ ਖਾਲਸਾ ਏਡ ‘ਤੇ NIA ਦੀ ਰੇਡ ਕਰਨਾ ਚਿੰਤਾ ਦਾ ਵਿਸ਼ਾ ਹੈ । ਉਧਰ ਅਕਾਲੀ ਦਲ ਵੀ ਖਾਲਸਾ ਏਡ ਦੇ ਨਾਲ ਖੜਾ ਹੋਇਆ ਨਜ਼ਰ ਆ ਰਿਹਾ ਹੈ।
ਮਜੀਠੀਆ ਨੇ ਕੀਤੀ ਨਿੰਦਾ
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦਾ ਵੀ ਖਾਲਸਾ ਏਡ ‘ਤੇ NIA ਦੀ ਛਾਪੇਮਾਰੀ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵੱਖ-ਵੱਖ ਥਾਵਾਂ ‘ਤੇ NIA ਵੱਲੋਂ ਜਿਸ ਤਰ੍ਹਾਂ ਰੇਡ ਮਾਰੀ ਗਈ ਹੈ ਉਸ ਨਾਲ ਗਲਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ । ਉਨ੍ਹਾਂ ਕਿਹਾ ਮੈਨੂੰ ਅਤੇ ਹਰ ਪੰਜਾਬੀ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਇਹ ਸਿੱਖ ਭਾਈਚਾਰੇ ਨੂੰ ਟਾਰਗੇਟ ਕਰਨ ਦੇ ਲਈ ਕੀਤਾ ਜਾ ਰਿਹਾ ਹੈ । ਜੋ ਗਲਤ ਹੈ ਉਸ ਦੀ ਅਸੀਂ ਮਦਦ ਨਹੀਂ ਕਰਦੇ ਹਾਂ ਪਰ ਖਾਲਸਾ ਏਡ ਸੰਸਥਾ ਅਤੇ ਹੋਰਾਂ ਨੂੰ ਟਾਰਗੇਟ ਕਰਨਾ ਚਿੰਤਾ ਦਾ ਵਿਸ਼ਾ ਹੈ । ਜਿੰਨਾਂ ਨੇ ਕੋਰੋਨਾ ਅਤੇ ਪੰਜਾਬ ਵਿੱਚ ਹੜ੍ਹਾਂ ਦੌਰਾਨ ਪੰਜਾਬੀਆਂ ਦੀ ਮਦਦ ਕੀਤੀ ਹੈ। ਮਜੀਠੀਆ ਨੇ ਕਿਹਾ ਇਸ ਰੇਡ ਨਾਲ ਇਹ ਸੁਨੇਹਾ ਜਾ ਰਿਹਾ ਹੈ ਕਿ ਕਿਸੇ ਧਰਮ ਦੇ ਲੋਕਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਰਹੀ ਹੈ ।
1 ਅਗਸਤ ਨੂੰ NIA ਨੇ ਖਾਲਸਾ ਏਡ ਦੇ ਪਟਿਆਲਾ ਅਤੇ ਰਾਜਪੁਰਾ ਦੇ ਗੁਦਾਮਾਂ ‘ਤੇ ਰੇਡ ਮਾਰੀ ਸੀ ਜਿੱਥੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਦਾ ਸਮਾਨ ਰੱਖਿਆ ਸੀ । ਇਸ ਤੋਂ ਇਲਾਵਾ ਏਸ਼ੀਅਨ ਪੈਸੇਫਿਕ ਦੇ ਡਾਇਰੈਕਟ ਅਮਰਪ੍ਰੀਤ ਸਿੰਘ ਦੇ ਘਰ ਵੀ ਕਈ ਘੰਟੇ ਤੱਕ ਰੇਡ ਮਾਰੀ ਗਈ ਅਤੇ ਉਨ੍ਹਾਂ ਕੋਲੋ ਸਵਾਲ ਜਵਾਬ ਕੀਤਾ ਗਿਆ ਹੈ ਅਤੇ ਏਜੰਸੀ ਵੱਲੋਂ ਅਮਰਪ੍ਰੀਤ ਸਿੰਘ ਦਾ ਫੋਨ ਵੀ ਜ਼ਬਤ ਕਰ ਲਿਆ ਗਿਆ । ਸਿਰਫ਼ ਇਨ੍ਹਾਂ ਹੀ ਨਹੀਂ ਉਨ੍ਹਾਂ ਨੂੰ ਦਿੱਲੀ ਵਿੱਚ NIA ਦੇ ਦਫਤਰ ਪੇਸ਼ ਹੋਣ ਦੇ ਨਿਰਦੇਸ਼ ਵੀ ਦਿੱਤੇ ਗਏ। ਇਸ ਤੋਂ ਬਾਅਦ ਅਮਰਪ੍ਰੀਤ ਸਿੰਘ ਅਤੇ ਖਾਲਸਾ ਏਡ ਦੇ ਫਾਉਂਡਰ ਰਵੀ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਸੀ ।
ਰਵੀ ਸਿੰਘ ਦਾ ਬਿਆਨ
ਰਵੀ ਸਿੰਘ ਨੇ ਕਿਹਾ ਸੀ ਕਿ ਉਹ ਤੁਰਕੀ ਵਿੱਚ ਸਨ ਜਦੋਂ ਉਨ੍ਹਾਂ ਨੂੰ NIA ਦੀ ਰੇਡ ਬਾਰੇ ਜਾਣਕਾਰੀ ਮਿਲੀ । ਉਨ੍ਹਾਂ ਕਿਹਾ ਇੱਕ ਪਾਸੇ NIA ਵੱਲੋਂ ਕਿਹਾ ਗਿਆ ਕਿ ਉਹ ਕਾਗਜ਼ੀ ਕਾਰਵਾਈ ਦੀ ਜਾਂਚ ਕਰ ਰਹੇ ਹਨ ਅਤੇ ਦੂਜੇ ਪਾਸੇ ਏਜੰਸੀ ਦੀ ਟੀਮ ਵੱਲੋਂ ਅਮਰਪ੍ਰੀਤ ਦੇ ਘਰ ਜਾਕੇ ਕਮਰਿਆਂ ਦੀ ਤਲਾਸ਼ੀ ਲਈ ਗਈ। ਉਨ੍ਹਾਂ ਕਿਹਾ ਜੇਕਰ 10 ਤੋਂ 15 ਅਫਸਰ ਤੁਹਾਡੇ ਘਰ ਆਕੇ ਸਵੇਰੇ 5 ਵਜੇ ਦਰਵਾਜ਼ਾ ਖੜਕਾਉਣ ਅਤੇ ਤੁਹਾਡੇ ਘਰ ਦੀ ਤਲਾਸ਼ੀ ਲੈਣ, ਮੈਂਬਰਾਂ ਤੋਂ ਪੁੱਛ-ਗਿੱਛ ਕਰਨ ਤਾਂ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਵੇਗਾ ? ਉਨ੍ਹਾਂ ਕਿਹਾ ਸਾਡੇ ਘਰਾਂ ਦੀ ਤਲਾਸ਼ੀ ਲੈਣ ਦੀ ਕੀ ਲੋੜ ਸੀ ? ਉਨ੍ਹਾਂ ਪੰਜਾਬ ਸਰਕਾਰ ‘ਤੇ ਸਵਾਲ ਚੁੱਕ ਦੇ ਹੋਏ ਕਿਹਾ ਕਿ ਦਿੱਲੀ ਤੋਂ ਅਸੀਂ ਅਜਿਹੇ ਵਰਤਾਰੇ ਦੀ ਉਮੀਦ ਕਰ ਸਕਦੇ ਹਾਂ ਪਰ ਪੰਜਾਬ ਪੁਲਿਸ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਹੈ ।
ਅਮਰਪ੍ਰੀਤ ਸਿੰਘ ਨੇ ਦੱਸੀ ਪੂਰੀ ਗੱਲ
ਖਾਲਸਾ ਏਡ ਦੇ ਏਸ਼ੀਅਨ ਪੈਸੇਫਿਕ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਦਸਿਆ ਕਿ ਜਦੋਂ ਸਵੇਰੇ 5 ਵਜੇ NIA ਦੀ ਟੀਮ ਰੇਡ ਮਾਰਨ ਆਈ ਤਾਂ ਕੁਝ ਮੋਬਾਈਲ ਅਤੇ ਕਾਗਜ਼ ਨਾਲ ਲੈ ਗਈ । ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਐਂਟੀ ਨੈਸ਼ਨਲ ਐਕਟਿਵਿਟੀ ਤਾਂ ਨਹੀਂ ਕਰ ਰਹੇ ਹੋ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਪੰਜਾਬ ਅਤੇ ਹਰਿਆਣਾ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀ ਹੈ । ਅਮਰਪ੍ਰੀਤ ਸਿੰਘ ਨੇ ਕਿਹਾ NIA ਦੀ ਰੇਡ ਦੀ ਖਬਰ ਸੁਣਨ ਤੋਂ ਬਾਅਦ ਸਾਡੇ ਵਰੰਟੀਅਰ ਚਿੰਤਾ ਵਿੱਚ ਹਨ ਜੋ ਦਿਨ ਰਾਤ ਲੋਕਾਂ ਦੀ ਮਦਦ ਕਰ ਰਹੇ ਸਨ । ਉਨ੍ਹਾਂ ਨੇ ਕਿਹਾ ਸੰਸਥਾ ਦਾ ਇੱਕ ਹੀ ਮਕਦਸ ਹੈ ਲੋਕਾਂ ਦੀ ਭਲਾਈ ਕਰਨਾ ।